10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

'ਆਪ' 'ਚ ਉੱਠਣ ਲੱਗੇ ਬਗ਼ਾਵਤ ਦੇ ਸੁਰ, ਕੀ ਪਾਰਟੀ ਰੁੱਸੇ ਆਗੂਆਂ ਤੇ ਵਰਕਰਾਂ ਨੂੰ ਮਨਾ ਸਕੇਗੀ?

ਆਜ਼ਾਦ ਉਮੀਦਵਾਰ ਵਜੋਂ ਐਸ.ਡੀ.ਐਮ ਅਮਲੋਹ ਚਰਨਜੋਤ ਸਿੰਘ ਵਾਲੀਆ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਕਮਲਜੀਤ ਕੌਰ ਭਾਂਬਰੀ ਅਤੇ ਗੌਰਵ ਅਗਰਵਾਲ | ਅਜੀਤ ਤਸਵੀਰ <br/> 17-05-2026
ਮੰਡੀ ਗੋਬਿੰਦਗੜ੍ਹ, 16 ਮਈ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਨਾਲ ਹੀ ਪਾਰਟੀ ਅੰਦਰੂਨੀ ਖਲਬਲੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ | ਟਿਕਟ ਵੰਡ ਨੂੰ ਲੈ ਕੇ ਕਈ ਵਾਰਡਾਂ ਵਿਚ ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ | ਹਾਲਾਤ ਇਸ ਕਦਰ ਤਪਦੇ ਨਜ਼ਰ ਆ ਰਹੇ ਹਨ ਕਿ ਹੁਣ ਪਾਰਟੀ ਦੇ ਆਪਣੇ ਹੀ ਆਗੂ ਅਤੇ ਸਮਰਥਕ ਖੁੱਲ੍ਹ ਕੇ ਵਿਰੋਧ ਮੈਦਾਨ ਵਿਚ ਉੱਤਰਦੇ ਦਿਖਾਈ ਦੇ ਰਹੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਾਰਡ ਨੰ. 13 ਤੋਂ ਕਮਲਜੀਤ ਕੌਰ ਭਾਂਬਰੀ ਵਲੋਂ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ | ਇਸੇ ਤਰ੍ਹਾਂ ਵਾਰਡ ਨੰ. 20 ਤੋਂ ਗੌਰਵ ਅਗਰਵਾਲ ਨੇ ਵੀ ਪਾਰਟੀ ਤੋਂ ਵੱਖ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰਨ ਦਾ ਫ਼ੈਸਲਾ ਕਰ ਲਿਆ ਹੈ | ਇਨ੍ਹਾਂ ਦੇ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉੱਤਰਨ ਤੋਂ ਬਾਅਦ ਸਾਫ਼ ਹੋ ਗਿਆ ਹੈ ਕਿ ਟਿਕਟ ਵੰਡ ਨੂੰ ਲੈ ਕੇ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ |
ਕੀ ਕਹਿੰਦੇ ਨੇ ਸੁਖਵਿੰਦਰ ਭਾਂਬਰੀ
ਇਸ ਸਬੰਧੀ ਜਦੋਂ ਸੁਖਵਿੰਦਰ ਸਿੰਘ ਭਾਂਬਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪਾਰਟੀ ਦੇ ਫ਼ੈਸਲੇ 'ਤੇ ਗਹਿਰੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਪਹਿਲਾਂ ਹੀ ਇਹ ਸਪਸ਼ਟ ਕਰ ਦਿੰਦੀ ਕਿ ਇਕ ਪਰਿਵਾਰ ਵਿਚੋਂ ਸਿਰਫ ਇਕ ਹੀ ਵਿਅਕਤੀ ਨੂੰ ਟਿਕਟ ਦਿੱਤੀ ਜਾਵੇਗੀ, ਤਾਂ ਉਹ ਅਤੇ ਉਨ੍ਹਾਂ ਦੇ ਸਮਰਥਕ ਵਾਰਡ ਵਿਚ ਦਿਨ-ਰਾਤ ਇਕ ਕਰਕੇ ਇੰਨੀ ਮਿਹਨਤ ਨਾ ਕਰਦੇ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਅਤੇ ਸਮਰਥਕਾਂ ਨੇ ਪੂਰੀ ਤਨਦੇਹੀ ਤੇ ਮਿਹਨਤ ਨਾਲ ਪ੍ਰਚਾਰ ਕੀਤਾ, ਪਰ ਆਖ਼ਰੀ ਵੇਲੇ ਲਏ ਗਏ ਇਸ ਫ਼ੈਸਲੇ ਨੇ ਸਭ ਨੂੰ ਨਿਰਾਸ਼ ਕੀਤਾ ਹੈ | ਪਾਰਟੀ ਦੇ ਇਸ ਰਵੱਈਏ ਤੋਂ ਖ਼ਫ਼ਾ ਹੋਕੇ ਉਨ੍ਹਾਂ ਦੀ ਧਰਮ-ਪਤਨੀ ਨੇ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉੱਤਰਨ ਦਾ ਫ਼ੈਸਲਾ ਕਰ ਲਿਆ ਹੈ |
ਕੀ ਕਹਿਣਾ ਸੀ ਗੌਰਵ ਅਗਰਵਾਲ ਦਾ
ਉੱਥੇ ਹੀ ਗੌਰਵ ਅੱਗਰਵਾਲ ਨੇ ਕਿਹਾ ਕਿ ਇਹ ਫ਼ੈਸਲਾ ਸਿਰਫ਼ ਉਨ੍ਹਾਂ ਦਾ ਨਿੱਜੀ ਨਹੀਂ, ਸਗੋਂ ਵਾਰਡ ਨਿਵਾਸੀਆਂ ਅਤੇ ਸਮਰਥਕਾਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਸਮਰਥਕਾਂ ਨੇ ਦਿਨ-ਰਾਤ ਇਕ ਕਰਕੇ ਪ੍ਰਚਾਰ ਕੀਤਾ ਅਤੇ ਪੂਰੀ ਲੱਗਨ ਨਾਲ ਮਿਹਨਤ ਕੀਤੀ, ਪਰ ਪਾਰਟੀ ਦੇ ਅਚਾਨਕ ਲਏ ਗਏ ਫ਼ੈਸਲੇ ਨੇ ਸਭ ਨੂੰ ਗਹਿਰੀ ਨਿਰਾਸ਼ਾ ਵਿਚ ਧੱਕ ਦਿੱਤਾ ਹੈ | ਗੌਰਵ ਅਗਰਵਾਲ ਨੇ ਕਿਹਾ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦੇਣੀ ਸੀ ਤਾਂ ਪਹਿਲਾਂ ਹੀ ਸਪਸ਼ਟ ਕਰ ਦੇਣਾ ਚਾਹੀਦਾ ਸੀ, ਤਾਂ ਜੋ ਉਹ ਅਤੇ ਉਨ੍ਹਾਂ ਦੇ ਸਮਰਥਕ ਬੇਵਜ੍ਹਾ ਇੰਨੀ ਮਿਹਨਤ ਅਤੇ ਸਮਾਂ ਨਾ ਲਗਾਉਂਦੇ | ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਕਈ ਵਾਰਡਾਂ ਵਿਚ ਉੱਠੀ ਨਾਰਾਜ਼ਗੀ ਦੀ ਚੰਗਿਆੜੀ ਹੁਣ ਖੁੱਲ੍ਹੀ ਬਗ਼ਾਵਤ ਦਾ ਰੂਪ ਧਾਰਦੀ ਨਜ਼ਰ ਆ ਰਹੀ ਹੈ, ਜਿਸ ਨਾਲ ਸ਼ਹਿਰ ਦਾ ਚੋਣਾਵੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ | ਰਾਜਨੀਤਿਕ ਗਲਿਆਰਿਆਂ ਵਿਚ ਹੁਣ ਇਹ ਚਰਚਾ ਤੇਜ਼ ਹੋ ਚੁੱਕੀ ਹੈ ਕਿ ਕੀ ਪਾਰਟੀ ਹਾਈਕਮਾਂਡ ਸਮੇਂ ਰਹਿੰਦਿਆਂ ਨਾਰਾਜ਼ ਆਗੂਆਂ ਅਤੇ ਵਰਕਰਾਂ ਨੂੰ ਮਨਾਉਣ ਵਿਚ ਕਾਮਯਾਬ ਹੋਵੇਗੀ ਜਾਂ ਫਿਰ ਇਹ ਅੰਦਰੂਨੀ ਖਿੱਚੋਤਾਣ ਚੋਣਾਂ ਦੌਰਾਨ ਪਾਰਟੀ ਲਈ ਵੱਡੀ ਮੁਸ਼ਕਲ ਬਣੇਗੀ |
ਪਿਛਲੀ ਖ਼ਬਰ ਸ਼ਹਿਰ ਦੇ ਸਮਾਜ ਸੇਵਕਾਂ ਵਲੋਂ ਅਮਲੋਹ ਬਾਈਪਾਸ 'ਚ ਪਏ ਡੂੰਘੇ ਖੱਡਿਆਂ ਨੂੰ ਪੱਲਿਓਾ ਪੈਸਾ ਤੇ ਸਮਾਂ ਖ਼ਰਚ ਕਰ ਕੇ ਕੀਤਾ... ਅਗਲੀ ਖ਼ਬਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਨਗਰ ਕੌਂਸਲ, ਨਗਰ ਪੰਚਾਇਤ ਚੋਣਾਂ ਲਈ ਅਖੀਰਲੇ ਦਿਨ ਤੱਕ ਕੁੱਲ 512 ਨਾਮਜ਼ਦਗੀਆਂ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।