ਬਸੀ ਪਠਾਣਾਂ, 14 ਅਪ੍ਰੈਲ (ਪੱਤਰ ਪ੍ਰੇਰਕ)-ਸੰਤ ਹਰਨਾਮ ਸਿੰਘ ਪਬਲਿਕ ਸਕੂਲ ਬਸੀ ਪਠਾਣਾਂ ਵਿਖੇ ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਜੱਜ ਦੀ ਭੂਮਿਕਾ ਹਰਕਮਲ ਸਿੰਘ ਅਤੇ ਨਵਜੋਤ ਸਿੰਘ ਵਲੋਂ ਨਿਭਾਈ ਗਈ | ਸਕੂਲ ਮੁਖੀ ਸੰਜੀਵ ਕੁਮਾਰ ਨੇ ਕਿਹਾ ਕਿ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਨਵੀਂ ਪਹਿਚਾਣ ਬਖ਼ਸ਼ੀ ਸੀ | ਇਸ ਤੋਂ ਇਲਾਵਾ ਵਿਸਾਖੀ ਵਾਲੇ ਦਿਨ ਲੋਕ ਫ਼ਸਲ ਘਰ ਆਉਣ 'ਤੇ ਖ਼ੁਸ਼ੀਆਂ ਮਨਾਉਂਦੇ ਹਨ | ਸਕੂਲ ਇੰਚਾਰਜ ਮਹਿੰਦਰ ਕੌਰ ਨੇ ਦੱਸਿਆ ਕਿ ਕੌਮਾਂਤਰੀ ਦਸਤਾਰ ਦਿਵਸ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਇਹ ਇਕ ਅਜਿਹਾ ਮੌਕਾ ਹੈ, ਜੋ ਸੰਸਾਰ ਵਿਚ ਸਿੱਖ ਦੀ ਪਛਾਣ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਹਰ ਸਿੱਖ ਵਿਦਿਆਰਥੀ ਨੂੰ ਦਸਤਾਰ ਬੰਨ੍ਹਣ ਲਈ ਪ੍ਰੇਰਿਤ ਕਰਨਾ ਸੀ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |