ਫ਼ਤਹਿਗੜ੍ਹ ਸਾਹਿਬ, 14 ਅਪ੍ਰੈਲ (ਬਲਜਿੰਦਰ ਸਿੰਘ)-ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖ ਦੀ ਸੰਗਰਾਂਦ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਇਕ ਸ਼ਰਧਾਲੂ ਪਰਿਵਾਰ ਦਾ 4-5 ਸਾਲਾਂ ਦਾ ਬੱਚਾ ਸੰਗਤਾਂ ਦੇ ਭਾਰੀ ਇਕੱਠ ਦੌਰਾਨ ਮਾਪਿਆਂ ਤੋਂ ਵਿੱਛੜ ਕੇ ਲਾਪਤਾ ਹੋ ਗਿਆ | ਜਿਸ ਉਪਰੰਤ ਟ੍ਰੈਫ਼ਿਕ ਪੁਲਿਸ ਫ਼ਤਹਿਗੜ੍ਹ ਸਾਹਿਬ ਨੇ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਬੱਚੇ ਨੂੰ ਕੁਝ ਹੀ ਸਮੇਂ ਵਿਚ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਰਾਜਵਿੰਦਰ ਸਿੰਘ ਚੀਮਾ ਤੇ ਸਹਾਇਕ ਥਾਣੇਦਾਰ ਕਪਿਲ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਡਿਊਟੀ 'ਤੇ ਤਾਇਨਾਤ ਇਕ ਮਹਿਲਾ ਕਾਂਸਟੇਬਲ ਕੋਲ ਇਕ ਬੱਚਾ ਰੋਂਦਾ ਹੋਇਆ ਆਇਆ ਅਤੇ ਪੁਲਿਸ ਮੁਲਾਜ਼ਮਾਂ ਦੇ ਪੁੱਛਣ 'ਤੇ ਬੱਚੇ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਤੋਂ ਵਿੱਛੜ ਗਿਆ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਕੋਲੋਂ ਮਿਲੀ ਜਾਣਕਾਰੀ ਅਤੇ ਪਰਿਵਾਰ ਦੀ ਕਾਰ ਦੇ ਨੰਬਰ ਰਾਹੀਂ ਡਾਟਾ ਚੈੱਕ ਕਰਕੇ ਤੁਰੰਤ ਮਾਪਿਆਂ ਦਾ ਸੰਪਰਕ ਨੰਬਰ ਹਾਸਲ ਕਰ ਲਿਆ | ਜਿਸ ਉਪਰੰਤ ਪੁਲਿਸ ਮੁਲਾਜ਼ਮਾਂ ਨੇ ਮਾਪਿਆਂ ਤੋਂ ਵਿੱਛੜੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਦੇ ਹਵਾਲੇ ਕੀਤਾ | ਪਰਿਵਾਰ ਨੇ ਪੁਲਿਸ ਕਾਰਵਾਈ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ |