ਜਖਵਾਲੀ, 14 ਅਪ੍ਰੈਲ (ਨਿਰਭੈ ਸਿੰਘ)-ਪਿੰਡ ਮੀਰਪੁਰ ਵਿਖੇ ਵਿਸਾਖੀ ਦਾ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੀ ਨਤਮਸਤਕ ਹੋਣ ਲਈ ਪਹੁੰਚੇ | ਪਾਠ ਦੇ ਭੋਗ ਉਪਰੰਤ ਜਿੱਥੇ ਸੰਗਤਾਂ ਨੂੰ ਮਾਲਾ ਪੋਥੀ ਦੇ ਦਰਸ਼ਨ ਕਰਵਾਏ ਗਏ, ਉੱਥੇ ਹੀ ਸੰਗਤਾਂ ਦੇ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਇਹ ਇਤਿਹਾਸਿਕ ਸਥਾਨ ਹੈ, ਜਿੱਥੇ ਹਰ ਵਿਸਾਖੀ ਨੂੰ ਸੰਗਤਾਂ ਵੱਡੀ ਗਿਣਤੀ ਵਿਚ ਇਕੱਠੀਆਂ ਹੁੰਦੀਆਂ ਹਨ ਅਤੇ ਗੁਰੂਆਂ ਦੀ ਬਾਣੀ ਵਾਲੀ ਪੋਥੀ ਅਤੇ ਮਾਲਾ ਦੇ ਦਰਸ਼ਨ ਕਰਦੀਆਂ ਹਨ | ਜਾਣਕਾਰੀ ਦਿੰਦਿਆਂ ਬਾਬਾ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿਚ ਇਕ ਗੁਰੂਆਂ ਦੀ ਹੱਥ ਲਿਖਤ ਬਾਣੀ ਪੋਥੀ ਅਤੇ ਮਾਲਾ ਸੁਸ਼ੋਭਿਤ ਹੈ, ਜੋ ਸੋਢੀ ਪਰਿਵਾਰ ਦੇ ਕੋਲ ਇਮਾਨਤ ਵਜੋਂ ਸੰਭਾਲੀ ਹੋਈ ਹੈ | ਹਰ ਵਿਸਾਖੀ ਨੂੰ ਉਸ ਪੋਥੀ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ | ਸੰਗਤਾਂ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ | ਇਸ ਸਥਾਨ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਸ ਸੋਢੀ ਪਰਿਵਾਰ ਦੇ ਕੋਲ ਇਹ ਪੋਥੀ ਰੱਖੀ ਹੋਈ ਹੈ, ਉਸ ਦੇ ਦਾਦੇ, ਪੜਦਾਦੇ ਵੀ ਇਸ ਪੋਥੀ ਦੀ ਸੰਭਾਲ ਕਰਦੇ ਆ ਰਹੇ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਜੋਤ ਕੌਰ, ਰਣਜੋਧ ਸਿੰਘ 'ਆਪ' ਆਗੂ, ਰਵਿੰਦਰ ਸਿੰਘ ਨੰਬਰਦਾਰ, ਸਰਬਜੀਤ ਸਿੰਘ ਸੋਢੀ, ਵਰਿੰਦਰ ਪੰਚ, ਕਿ੍ਸ਼ਨ, ਜਰਨੈਲ ਕੌਰ ਪੰਚ, ਮਨਦੀਪ ਪੋਲਾ, ਮਾਨਵ ਟਿਵਾਣਾ, ਹਿੰਮਤ ਸਿੰਘ ਅਤੇ ਨਰਿੰਦਰ ਨਨੂੰ ਵੀ ਹਾਜ਼ਰ ਸਨ |