ਨਾਭਾ, 19 ਫਰਵਰੀ (ਜਗਨਾਰ ਸਿੰਘ ਦੁਲੱਦੀ)-ਪਿਛਲੇ ਦਿਨੀਂ ਸਥਾਨਕ ਰੋਹਟੀ ਪੁਲ ਨਜ਼ਦੀਕ ਮਾਰਬਲ ਅਤੇ ਟੂਟੀਆਂ ਦੇ ਸ਼ੋ-ਰੂਮ 'ਚ ਹੋਈ ਚੋਰੀ ਦੀ ਵਾਰਦਾਤ ਨੂੰ ਨਾਭਾ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ | ਇਸ ਸ਼ੋ-ਰੂਮ 'ਚੋਂ ਕਰੀਬ 7 ਲੱਖ ਰੁਪਏ ਦੀਆਂ ਟੂਟੀਆਂ ਅਤੇ ਹੋਰ ਕੀਮਤੀ ਸਾਮਾਨ 6 ਨੌਜਵਾਨਾਂ ਨੇ ਚੋਰੀ ਕੀਤਾ ਗਿਆ ਸੀ ਸੀ | ਚੋਰੀ ਦੀ ਵਾਰਦਾਤ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਸੀ | ਰੋਹਟੀ ਪੁਲ ਪੁਲਿਸ ਨੇ ਕੁਝ ਹੀ ਦਿਨਾਂ 'ਚ 3 ਨੌਜਵਾਨਾਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰ ਲਿਆ ਹੈ | ਥਾਣਾ ਸਦਰ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਇਹ ਚੋਰੀ ਨਾਭਾ ਪਟਿਆਲਾ ਸੜਕ 'ਤੇ ਸਥਿਤ ਮਾਰਬਲ ਦੇ ਸ਼ੋ-ਰੂਮ 'ਚ ਹੋਈ ਸੀ, ਜਿਸ ਨੂੰ ਕਿ 6 ਵਿਅਕਤੀਆਂ ਨੇ ਅੰਜਾਮ ਦਿੱਤਾ ਸੀ | ਉਨ੍ਹਾਂ ਕਿਹਾ ਕਿ ਮਾਰਬਲ ਦੇ ਸ਼ੋ-ਰੂਮ 'ਚੋਂ ਕਰੀਬ 7 ਲੱਖ ਰੁਪਏ ਦੀਆਂ ਟੂਟੀਆਂ ਅਤੇ ਹੋਰ ਸਾਮਾਨ ਚੋਰ ਚੋਰੀ ਕਰ ਕੇ ਫ਼ਰਾਰ ਹੋ ਗਏ ਸਨ | ਇੰਸਪੈਕਟਰ ਖੋਖਰ ਨੇ ਦੱਸਿਆ ਕਿ ਇਸ ਚੋਰੀ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਿਸ ਵਲੋਂ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ | ਇਨ੍ਹਾਂ ਕੋਲੋਂ ਚੋਰੀ ਕੀਤੀਆਂ 250 ਦੇ ਕਰੀਬ ਟੂਟੀਆਂ ਬਰਾਮਦ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਨੌਜਵਾਨਾਂ ਦੀ ਪਛਾਣ ਗ਼ੌਰੀ ਸੱਕਰ, ਜੱਗੀ ਅਤੇ ਲਾਡੀ ਵਜੋਂ ਹੋਈ ਹੈ, ਜੋ ਰਾਜਪੁਰਾ ਅਤੇ ਖਰੜ ਦੇ ਰਹਿਣ ਵਾਲੇ ਹਨ | ਇਨ੍ਹਾਂ ਤਿੰਨੋਂ ਨੌਜਵਾਨਾਂ 'ਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ |