ਮੰਡੀ ਗੋਬਿੰਦਗੜ੍ਹ, 18 ਫਰਵਰੀ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਟਰੇਨਿੰਗ ਐਂਡ ਪਲੇਸਮੈਂਟ ਹੈੱਡ ਕੁਲਦੀਪ ਸਿੰਘ ਸੇਖੋਂ ਦੀ ਨਿਗਰਾਨੀ ਹੇਠ ਬੋਨ ਬਿਸਕੁਟ ਪ੍ਰਾਈਵੇਟ ਲਿਮਟਿਡ ਲੁਧਿਆਣਾ ਦਾ ਬੀ.ਐਸ.ਸੀ. ਫੂਡ ਟੈਕਨਾਲੋਜੀ, ਬੀ.ਬੀ.ਏ, ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਵਿੱਦਿਅਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਸ ਮੌਕੇ ਡਾ. ਜਸਪਾਲ ਕੌਰ ਸਹਾਇਕ ਪ੍ਰੋਫੈਸਰ ਮੈਨੇਜਮੈਂਟ ਵਿਭਾਗ ਅਤੇ ਅਭਿਸ਼ੇਕ ਖੋਖਰ ਸਹਾਇਕ ਪ੍ਰੋਫੈਸਰ ਫੂਡ ਟੈਕਨਾਲੋਜੀ ਵਿਭਾਗ ਨੇ ਦੌਰੇ ਦੌਰਾਨ ਵਿਦਿਆਰਥੀਆਂ ਦੀ ਅਗਵਾਈ ਕੀਤੀ | ਇਸ ਮੌਕੇ ਕੰਪਨੀ ਦੇ ਮਾਹਿਰਾਂ ਸੀਨੀਅਰ ਜਨਰਲ ਮੈਨੇਜਰ ਅਭਿਜੀਤ ਘੋਸ਼ ਅਤੇ ਐਚ.ਆਰ. ਮੈਨੇਜਰ ਰਾਕੇਸ਼ ਵੋਹਰਾ ਨੇ ਵਿਦਿਆਰਥੀਆਂ ਨੂੰ ਪੂਰੀ ਬਿਸਕੁਟ ਅਤੇ ਬਰੈੱਡ ਨਿਰਮਾਣ ਪ੍ਰਕਿਰਿਆ-ਕੱਚੇ ਮਾਲ ਦੀ ਜਾਂਚ, ਮਿਕਸਿੰਗ, ਬੇਕਿੰਗ, ਪੈਕੇਜਿੰਗ ਅਤੇ ਸਟੋਰੇਜ-ਬਾਰੇ ਸਮਝਾਇਆ | ਬੀ.ਬੀ.ਏ ਅਤੇ ਐਮ.ਬੀ.ਏ. ਦੇ ਵਿਦਿਆਰਥੀਆਂ ਨੂੰ ਸਪਲਾਈ ਚੇਨ ਪ੍ਰਬੰਧਨ, ਬ੍ਰਾਂਡਿੰਗ, ਮਾਰਕੀਟਿੰਗ ਰਣਨੀਤੀਆਂ ਅਤੇ ਵੰਡ ਪ੍ਰਣਾਲੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ, ਜਿਸ ਨਾਲ ਉਨ੍ਹਾਂ ਨੂੰ ਪ੍ਰਬੰਧਨ ਦੇ ਵਿਹਾਰਕ ਪਹਿਲੂਆਂ ਨੂੰ ਸਮਝਣ ਦਾ ਮੌਕਾ ਮਿਲਿਆ | ਇਸ ਦੌਰਾਨ, ਬੀ.ਐਸ.ਸੀ. ਫੂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਫੂਡ ਪ੍ਰੋਸੈਸਿੰਗ, ਗੁਣਵੱਤਾ ਦੇ ਮਿਆਰਾਂ ਅਤੇ ਉਦਯੋਗਿਕ ਸੁਰੱਖਿਆ ਉਪਾਵਾਂ ਦਾ ਵਿਸਤਿ੍ਤ ਗਿਆਨ ਪ੍ਰਾਪਤ ਕੀਤਾ | ਪੀ.ਆਈ.ਐਮ.ਟੀ. ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਕਿਹਾ ਕਿ ਅਜਿਹੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਸਿਧਾਂਤਕ ਗਿਆਨ ਅਤੇ ਵਿਹਾਰਕ ਲਾਗੂ ਕਰਨ ਵਿਚਕਾਰ ਪਾੜੇ ਨੂੰ ਪੂਰਾ ਕਰਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਪੇਸ਼ੇਵਰ ਯੋਗਤਾਵਾਂ ਨੂੰ ਵਧਾਉਣ ਲਈ ਅਜਿਹੇ ਐਕਸਪੋਜ਼ਰ ਦੌਰਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ |