ਫ਼ਤਹਿਗੜ੍ਹ ਸਾਹਿਬ, 17 ਫਰਵਰੀ (ਮਨਪ੍ਰੀਤ ਸਿੰਘ)-ਕੁਸ਼ਟ ਆਸ਼ਰਮ ਸਰਹਿੰਦ ਨੇੜੇ ਇਕ ਗੰਦੇ ਨਾਲੇ 'ਚ ਬੋਰੀਆਂ 'ਚ ਭਰ ਕੇ ਸੁਟੇ ਗਏ ਸ਼ੱਕੀ ਮਾਸ ਦੇ ਟੁਕੜਿਆਂ ਦੀ ਬਰਾਮਦਗੀ ਨੇ ਇਲਾਕੇ 'ਚ ਹਲਚਲ ਮਚਾ ਦਿੱਤੀ ਹੈ | ਜਿਸ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸ਼ੱਕੀ ਹਾਲਤ 'ਚ ਬਰਾਮਦ ਹੋਏ ਮਾਸ ਦੇ ਟੁਕੜਿਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਸ ਦੇ ਟੁਕੜਿਆਂ ਨੂੰ ਟੈਸਟ ਲਈ ਲੈਬ 'ਚ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਫ਼ਤਹਿਗੜ੍ਹ ਸਾਹਿਬ ਕੁਲਵੀਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਦੇਰ ਰਾਤ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਗੁਰਪ੍ਰੀਤ ਸਿੰਘ, ਨਿਕਸ਼ਨ ਕੁਮਾਰ ਰੋਪੜ ਅਤੇ ਡੀ.ਡੀ. ਰਾਣਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਰੇਲਵੇ ਲਾਈਨ ਸਰਹਿੰਦ ਸੇਖੂਪੁਰਾ ਨੇੜੇ ਗੰਦੇ ਨਾਲੇ ਵਿਚ ਸ਼ੱਕੀ ਹਾਲਤ ਵਿਚ ਗਊ ਮਾਸ ਦੇ ਟੁਕੜੇ ਬੋਰੀਆਂ ਵਿਚ ਭਰ ਕੇ ਸੁੱਟੇ ਗਏ ਹਨ | ਉਨ੍ਹਾਂ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਗਲੀ ਸੜੀ ਹਾਲਤ ਵਿਚ ਮਾਸ ਦੇ ਟੁਕੜੇ ਬਰਾਮਦ ਹੋਏ ਹਨ | ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ 2 ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਹਿਰਾਸਤ ਵਿਚ ਲਿਆ ਗਿਆ ਹੈ | ਜਿੰਨ੍ਹਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਡੀ.ਐਸ.ਪੀ ਨੇ ਦੱਸਿਆ ਕਿ ਗਊ ਰੱਖਿਆ ਦਲ ਦੁਆਰਾ ਜ਼ਿਲ੍ਹਾ ਪੁਲਿਸ ਮੁੱਖੀ ਨੂੰ ਦਿੱਤੀ ਸ਼ਿਕਾਇਤ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ | ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ, ਬੀ.ਡੀ.ਪੀ.ਓ, ਥਾਣਾ ਸਰਹਿੰਦ, ਮੂਲੇਪੁਰ ਅਤੇ ਫ਼ਤਹਿਗੜ੍ਹ ਸਾਹਿਬ ਦੇ ਐਸ.ਐਚ.ਓ. ਅਤੇ ਨਬੀਪੁਰ ਦੇ ਚੌਕੀ ਇੰਚਾਰਜ ਵੀ ਆਪਣੀ ਪੁਲਿਸ ਪਾਰਟੀ ਸਮੇਤ ਮੌਜਦੂ ਰਹੇ |