ਖਮਾਣੋਂ, 28 ਜਨਵਰੀ (ਜੋਗਿੰਦਰ ਪਾਲ)-ਪੂਰਨ ਬ੍ਰਹਮ ਕਬੀਰ ਸਾਹਿਬ ਜੀ ਦੇ 508ਵੇਂ ਨਿਰਵਾਣ ਦਿਵਸ ਸਬੰਧੀ ਸਤਲੋਕ ਆਸ਼ਰਮ ਖਮਾਣੋਂ ਵਿਖੇ ਚੱਲ ਰਹੇ ਵਿਸ਼ਾਲ ਸਮਾਗਮ ਦੇ ਦੂਜੇ ਦਿਨ ਸਮਾਜਕ ਸੇਵਾ ਅਤੇ ਸੁਧਾਰ ਨੂੰ ਸਮਰਪਿਤ ਕਈ ਮਹੱਤਵਪੂਰਨ ਕਾਰਜ ਕਰਵਾਏ ਗਏ | ਇਸ ਮੌਕੇ ਦਹੇਜ ਤੇ ਆਡੰਬਰ ਰਹਿਤ ਵਿਆਹ ਆਯੋਜਿਤ ਕੀਤੇ ਗਏ | ਸਮਾਗਮ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਖ਼ੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਸੇਵਾਦਾਰਾਂ ਅਤੇ ਸੰਗਤਾਂ ਵਲੋਂ ਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 200 ਯੂਨਿਟ ਖ਼ੂਨਦਾਨ ਕੀਤਾ ਗਿਆ | ਸੰਗਤਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਪ੍ਰਬੰਧਕਾਂ ਵਲੋਂ ਸੰਗਤ ਨੂੰ ਜ਼ਿਲ੍ਹਾਵਾਰ ਬੁਲਾਉਣ ਦੀ ਵਿਵਸਥਾ ਕੀਤੀ ਗਈ ਹੈ | ਸਮਾਗਮ ਦੇ ਦੂਜੇ ਦਿਨ ਮੋਗਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਕਪੂਰਥਲਾ ਜ਼ਿਲਿ੍ਹਆਂ ਤੋਂ ਸੰਗਤਾਂ ਹੁੰਮ ਹੁਮਾ ਕੇ ਸਤਲੋਕ ਆਸ਼ਰਮ ਖਮਾਣੋਂ ਪਹੁੰਚੀਆਂ ਅਤੇ ਕਬੀਰ ਸਾਹਿਬ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਲਗਾਈ ਗਈ ਅਧਿਆਤਮਿਕ ਪ੍ਰਦਰਸ਼ਨੀ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ | ਪ੍ਰਦਰਸ਼ਨੀ ਵਿਚ ਅਧਿਆਤਮਿਕ ਗਿਆਨ ਤੇ ਪੂਰਣ ਬ੍ਰਹਮ ਕਬੀਰ ਸਾਹਿਬ ਜੀ ਦੀ ਜੀਵਨੀ ਨੂੰ ਸੁੰਦਰ ਅਤੇ ਅਰਥਪੂਰਨ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ, ਨਾਲ ਹੀ ਸਾਰੇ ਪਵਿੱਤਰ ਸਦਗ੍ਰੰਥ ਵੀ ਸੰਗਤਾਂ ਦੇ ਅਧਿਐਨ ਲਈ ਉਪਲੱਬਧ ਕਰਵਾਏ ਗਏ ਹਨ, ਜਿਸ ਨਾਲ ਲੋਕ ਸੱਚੇ ਅਧਿਆਤਮਿਕ ਗਿਆਨ ਨਾਲ ਜਾਣੂ ਹੋ ਰਹੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਕ ਬਦਲਾਅ, ਮਨੁੱਖਤਾ ਦੀ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਇਕ ਪ੍ਰੇਰਕ ਉਪਰਾਲਾ ਹੈ |