ਫ਼ਤਹਿਗੜ੍ਹ ਸਾਹਿਬ, 22 ਜਨਵਰੀ (ਬਲਜਿੰਦਰ ਸਿੰਘ)-ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵਲੋਂ ਸਰਹਿੰਦ ਮੰਡੀ ਵਿਚ ਸਾਲ 2024 ਦੌਰਾਨ ਇਕ ਘਰ ਵਿਚ ਸੋਨੇ, ਚਾਂਦੀ ਦੇ ਗਹਿਣਿਆਂ ਅਤੇ ਨਗਦੀ ਦੀ ਹੋਈ ਚੋਰੀ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਉਕਤ ਚੋਰੀ ਦੇ ਮਾਮਲੇ ਵਿਚ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਕਿਰਨਪਾਲ ਸਿੰਘ ਤੇ ਅਜੀਤ ਸਿੰਘ ਪੁੱਤਰ ਅਮਰ ਸਿੰਘ ਅਤੇ ਕਿਸ਼ਨ ਪਾਲ ਪੁੱਤਰ ਸ਼ੰਕਰ ਲਾਲ ਵਾਸੀਆਨ ਪਿੰਡ ਪਰਲਾਦਪੁਰ ਥਾਣਾ ਬਨੀਆ ਠੇਰ ਜ਼ਿਲ੍ਹਾ ਸੰਬਲ ਉਤਰ ਪ੍ਰਦੇਸ਼ ਹਾਲ ਕਿਰਾਏਦਾਰ ਸੰਤੇ ਮਾਜਰਾ ਕਾਲੋਨੀ ਖਰੜ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ 5 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ | ਤਫ਼ਤੀਸ਼ੀ ਅਫ਼ਸਰ ਦੇ ਦੱਸਣ ਮੁਤਾਬਿਕ ਮੁੱਦਈ ਮੁਕੱਦਮਾ ਵਲੋਂ ਉਕਤ ਵਿਅਕਤੀਆਂ ਨੂੰ 3 ਸਤੰਬਰ 2024 ਨੂੰ ਆਪਣੇ ਘਰ ਪੇਂਟ ਦੇ ਕੰਮ 'ਤੇ ਲਗਾਇਆ ਸੀ, ਜਿਸ ਦੌਰਾਨ ਉਕਤ ਵਿਅਕਤੀਆਂ ਦਾ ਘਰ ਵਿਚ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ | 28 ਸਤੰਬਰ 2024 ਨੂੰ ਮੁੱਦਈ ਮੁਕੱਦਮਾ ਦੇ ਚੈੱਕ ਕਰਨ ਉਪਰੰਤ ਉਸ ਦੇ ਘਰ ਦੇ ਦੂਜੀ ਮੰਜ਼ਿਲ ਦੇ ਬੈੱਡ-ਰੂਮ ਦੇ ਨਾਲ ਲੱਗਦੇ ਸਟੋਰ ਰੂਮ ਵਿਚ ਪਏ ਲੋਹੇ ਦੇ ਬਕਸੇ 'ਚੋਂ ਜਨਾਨਾ ਸੋਨੇ ਦੇ 2 ਹਾਰ ਸਮੇਤ ਜੋੜਾ ਕਾਂਟੇ, 2 ਜਨਾਨਾ ਚੂੜੀਆਂ, 1 ਇਕ ਮਰਦਾਨਾ ਸੋਨੇ ਦੀ ਚੈਨੀ, 6 ਜਨਾਨਾ ਮੁੰਦਰੀਆਂ ਸੋਨਾ, 1 ਮਰਦਾਨਾ ਕੜਾ ਸੋਨਾ ਅਤੇ 62 ਹਜ਼ਾਰ ਰੁਪਏ ਦੀ ਨਗਦੀ ਉਕਤ ਵਿਅਕਤੀਆਂ ਵਲੋਂ ਚੋਰੀ ਕਰ ਲਏ ਗਏ ਸਨ | ਜਿਸ ਸੰਬੰਧੀ ਸ਼ਿਕਾਇਤ ਕਰਤਾ ਜਸਵੰਤ ਸਿੰਘ ਵਾਸੀ ਸਰਹਿੰਦ ਮੰਡੀ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਤਿੰਨੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |