ਅਮਲੋਹ, 20 ਜਨਵਰੀ (ਹਰਪ੍ਰੀਤ ਸਿੰਘ ਗਿੱਲ)-ਅਮਲੋਹ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਹੈ | ਸਬ ਇੰਸਪੈਕਟਰ ਹਰਕੀਰਤ ਸਿੰਘ ਮੁੱਖ ਅਫ਼ਸਰ ਥਾਣਾ ਅਮਲੋਹ ਮੁਤਾਬਿਕ 16 ਜਨਵਰੀ ਨੂੰ ਥਾਣਾ ਅਮਲੋਹ ਵਿਚ ਦਰਜ ਮੁਕੱਦਮੇ ਤਹਿਤ ਨਿਰਮਲ ਸਿੰਘ ਉਰਫ਼ ਨਿੰਦਾ ਵਾਸੀ ਪਿੰਡ ਖਨੌੜਾ, ਜ਼ਿਲ੍ਹਾ ਪਟਿਆਲਾ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ ਦੇ ਕਬਜ਼ੇ 'ਚੋਂ ਸਥਾਨਕ ਐਕਸਿਸ ਬੈਂਕ ਦੀ ਪਾਰਕਿੰਗ ਤੋਂ ਚੋਰੀ ਕੀਤਾ ਗਿਆ ਸਪਲੈਂਡਰ ਮੋਟਰਸਾਈਕਲ ਨੰ. ਪੀ.ਬੀ. 26 ਜੇ 6277 ਬਰਾਮਦ ਹੋਇਆ | ਥਾਣਾ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਮੈਂਬਰ ਹੈ, ਜੋ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਬਾਬਾ ਮਸਤ ਰਾਮ ਖਮਾਣੇ ਦੀ ਜਗ੍ਹਾ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਖੁੱਲ੍ਹੀਆਂ ਪਾਰਕਿੰਗਾਂ 'ਚੋਂ ਮੋਟਰਸਾਈਕਲ ਚੋਰੀ ਕਰਦਾ ਸੀ | ਚੋਰੀ ਤੋਂ ਬਾਅਦ ਮੋਟਰਸਾਈਕਲਾਂ ਦੇ ਨੰਬਰ ਬਦਲ ਕੇ ਉਨ੍ਹਾਂ 'ਤੇ ਹੋਰ ਨੰਬਰ ਲਗਾ ਦਿੱਤੇ ਜਾਂਦੇ ਸਨ ਤਾਂ ਜੋ ਪਛਾਣ ਤੋਂ ਬਚਿਆ ਜਾ ਸਕੇ | ਪੁਲਿਸ ਨੇ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸ ਪਾਸੋਂ ਕੁੱਲ ਚਾਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਏ ਹਨ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ |