ਗ਼ੈਰ-ਕਾਨੂੰਨੀ ਹਥਿਆਰ ਬਰਾਮਦ ਕਰਨ ਗਈ ਪੁਲਿਸ ਪਾਰਟੀ 'ਤੇ ਮੁਲਜ਼ਮ ਨੇ ਕੀਤੀ ਫਾਇਰਿੰਗ
ਅਜੀਤ ਡੈਸਕ
21-01-2026
ਇਸ ਦੌਰਾਨ ਪੁਲਿਸ ਨੇ ਕਥਿਤ ਮੁਲਜ਼ਮ ਸ਼ਿਵਾ ਦੀ ਲੱਤ ਵਿਚ ਗੋਲੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ | ਇਸ ਕਾਰਵਾਈ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ | ਦੋਵਾਂ ਨੂੰ ਜ਼ਖਮੀ ਹਾਲਤ ਵਿਚ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਇਸ ਮੌਕੇ 'ਤੇ ਪਹੁੰਚੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਉਕਤ ਮੁਲਜ਼ਮ ਸ਼ਿਵਾ ਪੁਲਿਸ ਨੂੰ ਲੁੱਟ ਅਤੇ ਡਕੈਤੀ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ, ਜਿਸ ਨੂੰ ਪੁਲਿਸ ਨੇ 15 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਸੀ | ਪੁੱਛਗਿੱਛ ਦੌਰਾਨ ਉਸ ਨੇ ਇਕ ਨਜਾਇਜ਼ ਹਥਿਆਰ ਲੁਕਾਉਣ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਮੁਲਜ਼ਮ ਸ਼ਿਵਾ ਨੂੰ ਉਸ ਦੇ ਦੱਸੇ ਠਿਕਾਣੇ 'ਤੇ ਅੱਜ ਜਦੋਂ ਹਥਿਆਰ ਬਰਾਮਦ ਕਰਨ ਲਈ ਲੈ ਗਈ ਤਾਂ ਜਿਵੇਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਉਸ ਨੇ ਅਚਾਨਕ ਲੁਕਿਆ ਹੋਇਆ ਹਥਿਆਰ ਕੱਢ ਲਿਆ ਅਤੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ | ਇਸ ਦੌਰਾਨ ਪੁਲਿਸ ਦੀ ਚੌਕਸੀ ਕਾਰਨ ਗੋਲੀ ਕਿਸੇ ਮੁਲਾਜ਼ਮ ਦੇ ਤਾਂ ਨਹੀਂ ਲੱਗੀ ਪਰ ਇਕ ਪੁਲਿਸ ਮੁਲਾਜ਼ਮ ਗਿਰ ਕੇ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ | ਜਿਸ ਦੌਰਾਨ ਗੋਲੀ ਮੁਲਜ਼ਮ ਸ਼ਿਵਾ ਦੀ ਲੱਤ ਵਿਚ ਲੱਗੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ | ਜਿਸ ਤੋਂ ਇਕ 32 ਬੋਰ ਦਾ ਪਿਸਟਲ ਬਰਾਮਦ ਹੋਇਆ ਹੈ | ਪੁਲਿਸ ਨੇ ਸ਼ਿਵਾ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਇਸ ਮੌਕੇ 'ਤੇ ਕਪਤਾਨ ਪੁਲਿਸ (ਜਾਂਚ) ਰਾਕੇਸ਼ ਯਾਦਵ, ਡੀ.ਐੱਸ.ਪੀ ਅਮਲੋਹ ਗੁਰਦੀਪ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਵੀ ਹਾਜ਼ਰ ਸਨ |