ਬੰਗਾ, 22 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)- ਐਸ. ਐਲ. ਐਮ ਸੈਂਟਰਲ ਪਬਲਿਕ ਸਕੂਲ ਬੰਗਾ ਵਿਖੇ ਦੋ ਰੋਜ਼ਾ ਖੇਡ ਦਿਵਸ ਬੜੇ ਹੀ ਉਤਸ਼ਾਹ, ਜੋਸ਼ ਤੇ ਖੇਡ ਭਾਵਨਾ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ, ਸਰੀਰਕ ਸਮਰੱਥਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਖੇਡ ਸਮਾਗਮ ਦੀ ਅਗਵਾਈ ਸਕੂਲ ਦੀ ਚੇਅਰਪਰਸਨ ਮਿਸਿਜ਼ ਰੇਖਾ ਮਿੱਤਲ ਨੇ ਕੀਤੀ। ਉਨ੍ਹਾਂ ਖੇਡ ਸਮਾਗਮ ਦਾ ਉਦਘਾਟਨ ਕਰਦਿਆਂ ਬੱਚਿਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸਕੂਲ ਦੀ ਖੇਡ ਕੋਚ ਅਨੂਪਮਾ ਵਰਮਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਰੀਆਂ ਖੇਡ ਗਤੀਵਿਧੀਆਂ ਦਾ ਸੰਚਾਲਨ ਕੀਤਾ। ਖੇਡ ਦਿਵਸ ਦੌਰਾਨ ਛੋਟੇ ਬੱਚਿਆਂ ਲਈ ਕਈ ਦਿਲਚਸਪ ਅਤੇ ਮਨੋਰੰਜਕ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਕਬੱਡੀ, ਖੋ - ਖੋ, ਸ਼ਾਟਪੁੱਟ ਅਤੇ ਬੈਡਮਿੰਟਨ ਮੁੱਖ ਖੇਡਾਂ ਰਹੀਆਂ। ਇਸ ਮੌਕੇ ਅਧਿਆਪਕ ਨੀਲਮ, ਗੁਰਪ੍ਰੀਤ, ਸੰਦੀਪ, ਰਸ਼ਮੀ, ਅੰਬਿਕਾ, ਸਿਲਵੀਆ, ਕ੍ਰਿਸ਼ਨਾ, ਜਸਵਿੰਦਰ ਕੌਰ, ਬਲਵਿੰਦਰ ਕੌਰ, ਸੁਨਾਲੀ, ਪੁਨੀਤ ਅਤੇ ਹਰੀਸ਼ ਸਮੇਤ ਹੋਰ ਅਧਿਆਪਕ ਵੀ ਮੌਜੂਦ ਸਨ।