ਮਾਨਸਿਕ ਬਿਮਾਰੀ ਕੋਈ ਕਲੰਕ ਨਹੀਂ , ਸਹੀ ਇਲਾਜ ਨਾਲ ਸੰਭਵ ਹੈ ਸਿਹਤਮੰਦ ਜੀਵਨ - ਡਾ . ਅਮਨ ਸੂਦ
ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਇਥੇ ਜ਼ਿਲ੍ਹਾ ਹਸਪਤਾਲ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਦਰਭ ਵਿਚ ਲੋਕਾਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਮਾਨਸਿਕ ਬਿਮਾਰੀਆਂ ਦੇ ਲੱਛਣਾਂ, ਬਚਾਅ ਤੇ ਇਲਾਜ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.
ਨਵਾਂਸ਼ਹਿਰ, 10 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਇਥੇ ਜ਼ਿਲ੍ਹਾ ਹਸਪਤਾਲ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਦਰਭ ਵਿਚ ਲੋਕਾਂ ਨੂੰ ਮਾਨਸਿਕ ਸਿਹਤ ਦੀ ਮਹੱਤਤਾ, ਮਾਨਸਿਕ ਬਿਮਾਰੀਆਂ ਦੇ ਲੱਛਣਾਂ, ਬਚਾਅ ਤੇ ਇਲਾਜ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਅਮਨ ਸੂਦ ਨੇ ਕਿਹਾ ਕਿ ਮਾਨਸਿਕ ਸਿਹਤ ਸਮੁੱਚੀ ਸਿਹਤ ਦਾ ਅਹਿਮ ਹਿੱਸਾ ਹੈ ਤੇ ਮਾਨਸਿਕ ਬਿਮਾਰੀ ਨੂੰ ਕਮਜ਼ੋਰੀ ਜਾਂ ਸਮਾਜਿਕ ਕਲੰਕ ਸਮਝਣਾ ਬਿਲਕੁਲ ਗ਼ਲਤ ਹੈ। ਉਹ ਖੁਦ ਵੀ ਮਨੋਰੋਗ ਮਾਹਿਰ (ਸਾਈਕੈਟਰਿਸਟ) ਹਨ, ਨੇ ਕਿਹਾ ਕਿ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਦੇ ਬਰਾਬਰ ਮਹੱਤਵ ਦੇਣਾ ਸਮੇਂ ਦੀ ਲੋੜ ਹੈ। ਜਿਵੇਂ ਸਰੀਰਕ ਬਿਮਾਰੀ ਹੋਣ ’ਤੇ ਡਾਕਟਰ ਨਾਲ ਸੰਪਰਕ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਲਗਾਤਾਰ ਉਦਾਸੀ, ਬੇਚੈਨੀ, ਤਣਾਅ ਜਾਂ ਵਿਹਾਰ ਵਿਚ ਅਸਧਾਰਨ ਤਬਦੀਲੀਆਂ ਆਉਣ ’ਤੇ ਵੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ। ਸਿਵਲ ਸਰਜਨ ਨੇ ਮਾਨਸਿਕ ਸਿਹਤ ਦੀ ਸੰਭਾਲ ਲਈ ਨਿਯਮਿਤ ਸਰੀਰਕ ਕਸਰਤ, ਪੂਰੀ ਨੀਂਦ, ਸੰਤੁਲਿਤ ਖੁਰਾਕ, ਪਰਿਵਾਰ ਤੇ ਦੋਸਤਾਂ ਨਾਲ ਸੰਪਰਕ ਬਣਾਈ ਰੱਖਣ, ਮਨਪਸੰਦ ਗਤੀਵਿਧੀਆਂ ਲਈ ਸਮਾਂ ਕੱਢਣ ਅਤੇ ਤਣਾਅ ਨਾਲ ਨਜਿੱਠਣ ਦੇ ਸਿਹਤਮੰਦ ਤਰੀਕੇ ਅਪਣਾਉਣ ਦੀ ਸਲਾਹ ਦਿੱਤੀ। ਮਾਨਸਿਕ ਸਿਹਤ ਦਿਵਸ ਸੰਬੰਧੀ ਕਰਵਾਈਆਂ ਗਤੀਵਿਧੀਆਂ ਦੌਰਾਨ ਸੰਧੂ ਇੰਸਟੀਚਿਊਟ ਆਫ ਨਰਸਿੰਗ, ਨਵਾਂਸ਼ਹਿਰ ਤੇ ਗੁਰਸੇਵਾ ਕਾਲਜ ਆਫ ਨਰਸਿੰਗ, ਪਨਾਮ ਦੀਆਂ ਵਿਦਿਆਰਥਣਾਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਨਰਸਿੰਗ ਵਿਦਿਆਰਥਣਾਂ ਵਲੋਂ ਨੁੱਕੜ ਨਾਟਕ ਵੀ ਪੇਸ਼ ਕੀਤਾ, ਜਿਸ ਰਾਹੀਂ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ, ਮਾਨਸਿਕ ਬਿਮਾਰੀਆਂ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਲੋੜ ਪੈਣ ’ਤੇ ਮਾਹਿਰ ਦੀ ਸਹਾਇਤਾ ਲੈਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਜੇ ਕੁਮਾਰ ਬਸਰਾ, ਡਾ. ਸੰਦੀਪ ਬਾਂਗੜ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਸਿਵਲ ਸਰਜਨ ਦੇ ਪੀ. ਏ. ਅਜੇ ਕੁਮਾਰ ਤੇ ਨੀਰਜ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।