09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

‘ਪਿੰਡ ਬਚਾਓ, ਪੰਜਾਬ ਬਚਾਓ’ ਸੰਸਥਾ ਦੀ ਕਾਠਗੜ੍ਹ ਵਿਖੇ ਹੋਈ ਅਹਿਮ ਮੀਟਿੰਗ

ਕਾਠਗੜ੍ਹ, 8 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ‘ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਇੱਕ ਵਿਸ਼ੇਸ਼ ਮੀਟਿੰਗ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਸੂਬਾਈ ਆਗੂ ਸਾਥੀ ਕਰਨ ਸਿੰਘ ਰਾਣਾ ਦੀ ਅਗਵਾਈ ਹੇਠ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ ਦੇ ਗ੍ਰਹਿ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ। ਮੀਟਿੰਗ ਵਿੱਚ ਪੰਜਾਬ ਦੇ ਲਟਕਦੇ ਮੁੱਦਿਆਂ, ਜਵਾਨੀ ਤੇ ਕਿਸਾਨੀ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਅਜੀਤ ਡੈਸਕ 09-08-2026
ਕਾਠਗੜ੍ਹ, 8 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)- ‘ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਦੀ ਇੱਕ ਵਿਸ਼ੇਸ਼ ਮੀਟਿੰਗ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਸੂਬਾਈ ਆਗੂ ਸਾਥੀ ਕਰਨ ਸਿੰਘ ਰਾਣਾ ਦੀ ਅਗਵਾਈ ਹੇਠ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ ਦੇ ਗ੍ਰਹਿ ਵਿਖੇ ਸਫ਼ਲਤਾਪੂਰਵਕ ਕਰਵਾਈ ਗਈ। ਮੀਟਿੰਗ ਵਿੱਚ ਪੰਜਾਬ ਦੇ ਲਟਕਦੇ ਮੁੱਦਿਆਂ, ਜਵਾਨੀ ਤੇ ਕਿਸਾਨੀ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉੱਘੇ ਬੁੱਧੀਜੀਵੀ ਤੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਨੇ ਕਿਹਾ ਕਿ ਅੱਜ ਪਿੰਡਾਂ ਦੀ ਜਵਾਨੀ, ਜ਼ਮੀਨ ਤੇ ਅਰਥਚਾਰੇ ‘ਤੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਵੱਲੋਂ ਤਿੱਖਾ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਮਾਰੂ ਨਸ਼ੇ ਤੇ ਵੱਧ ਰਿਹਾ ਗੈਂਗਵਾਦ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਪੱਬਾ ਭਾਰ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਪੰਜਾਬ ਦੇ ਖੇਤੀਬਾੜੀ ਸੈਕਟਰ ਤੇ ਇਸ ਨਾਲ ਜੁੜੇ ਸਹਾਇਕ ਧੰਦਿਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਰਹੀਆਂ ਹਨ। ਸਰਦਾਰ ਹਮੀਰ ਸਿੰਘ ਨੇ ਪੰਜਾਬ ਦੇ ਕੁਦਰਤੀ ਸਰੋਤਾਂ ਤੇ ਹੱਕਾਂ ਦੀ ਗੱਲ ਕਰਦਿਆਂ ਕਿਹਾ ਕਿ ਇੱਕ ਡੂੰਘੀ ਸਾਜ਼ਿਸ਼ ਤਹਿਤ ਪੰਜਾਬ ਦੇ ਧਰਤੀ ਹੇਠਲੇ ਸ਼ੁੱਧ ਪੀਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਦਰਿਆਈ ਪਾਣੀਆਂ ਦੀ ਵੰਡ ਤੇ ਡੈਮਾਂ ‘ਤੇ ਅਧਿਕਾਰਾਂ ਦੇ ਮਾਮਲੇ ਵਿੱਚ ਕੇਂਦਰ ਵੱਲੋਂ ਪੰਜਾਬ ਨਾਲ ਲਗਾਤਾਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਆਉਂਦੀਆਂ ਚੋਣਾਂ ਦਾ ਢੋਲ ਤਾਂ ਜ਼ੋਰ-ਸ਼ੋਰ ਨਾਲ ਵਜਾ ਰਹੀਆਂ ਹਨ ਪਰ ਲੋਕਾਂ ਦੇ ਅਸਲ ਮੁੱਦਿਆਂ ਤੇ ਪੰਜਾਬ ਦੇ ਗੰਭੀਰ ਸੰਕਟਾਂ ‘ਤੇ ਬਿਲਕੁਲ ਖਾਮੋਸ਼ ਹਨ। ਰਾਜਨੀਤਿਕ ਧਿਰਾਂ ਦੀ ਇਹ ਖਾਮੋਸ਼ੀ ਪੰਜਾਬ ਨੂੰ ਹੋਰ ਬਰਬਾਦੀ ਵੱਲ ਧੱਕ ਦੇਵੇਗੀ। ਉਨ੍ਹਾਂ ਨੇ ਸੱਦਾ ਦਿੱਤਾ ਕਿ ਪੰਜਾਬੀਆਂ ਨੂੰ ਹੁਣ ਆਪ ਅੱਗੇ ਆ ਕੇ ਪੰਜਾਬ ਨੂੰ ਬਚਾਉਣ ਲਈ ਹਰ ਪਿੰਡ ਤੋਂ ਪਹਿਲਕਦਮੀ ਕਰਨੀ ਹੋਵੇਗੀ ਕਿਉਂਕਿ ਜੇਕਰ ਪਿੰਡ ਬਚਣਗੇ ਤਾਂ ਹੀ ਪੰਜਾਬ ਬਚ ਸਕੇਗਾ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੱਤੀ ਕਿ ‘ਪਿੰਡ ਬਚਾਓ, ਪੰਜਾਬ ਬਚਾਓ’ ਮੁਹਿੰਮ ਤਹਿਤ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਵਿਸ਼ਾਲ ਕਨਵੈਂਸ਼ਨ ਕਰਵਾਈ ਜਾ ਰਹੀ ਹੈ। ਇਸ ਮੌਕੇ ਡਾ. ਖੁਸ਼ਹਾਲ ਸਿੰਘ, ਕਰਨੈਲ ਸਿੰਘ ਜਖੇਪਲ, ਹਰਦੀਪ ਸਿੰਘ ਗਹੂੰਣ, ਹਰਪਾਲ ਸਿੰਘ ਮੱਕੋਵਾਲ, ਮਨੋਹਰ ਲਾਲ ਟੌਂਸਾ, ਡਾ. ਪਵਨ ਕੁਮਾਰ, ਕਰਨੈਲ ਸਿੰਘ ਭੱਲਾ, ਦੀਦਾਰ ਸਿੰਘ ਭਰਥਲਾ, ਅਭੀ ਸਿੰਘ ਤੇ ਵਿਨੋਦ ਚੋਪੜਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪਿਛਲੀ ਖ਼ਬਰ ਵਾਤਾਵਰਨ ਬਚਾਓ ਮੁਹਿੰਮ ਤਹਿਤ ਇੰਜੀਨੀਅਰ ਗੋਪਾਲ ਕ੍ਰਿਸ਼ਨ ਬੀਸਲਾ ਨੇ ਬੂਟੇ ਲਗਾਏ ਅਗਲੀ ਖ਼ਬਰ ਨਵਾਂਸ਼ਹਿਰ ਪੁਲਿਸ ਦੀ ਵੱਡੀ ਸਫਲਤਾ, ਕਤਲ ਕਰਨ ਆਏ 3 ਸ਼ੂਟਰ ਕਾਬੂ ਇੱਕ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।