ਗੁਣਾਚੌਰ, 7 ਮਈ (ਅਮਰੀਕ ਕਟਾਰੀਆ)-ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਪਿੰਡ ਤਲਵੰਡੀ ਫੱਤੂ ਦੇ ਨਹਿਰੀ ਪੁਲ ਉੱਪਰ ਇਕ ਜਨਵਰੀ 2017 ਨੂੰ ਉਸ ਵੇਲੇ ਦੇ ਹਲਕਾ ਇੰਚਾਰਜ ਡਾ. ਸੁਖਵਿੰਦਰ ਕੁਮਾਰ ਸੁੱਖੀ ਵਲੋਂ ਰੱਖਿਆ ਗਿਆ ਕਾਲੇ ਰੰਗ ਦਾ ਨੀਂਹ ਪੱਥਰ ਹਰ ਆਉਣ-ਜਾਣ ਵਾਲੇ ਨੂੰ ਆਪਣੇ ਸੁਨਹਿਰੀ ਅੱਖਰ ਪੜ੍ਹਨ ਲਈ ਮਜਬੂਰ ਕਰਦਾ ਸੀ | ਉਸ ਵੇਲੇ ਡਾ. ਸੁਖਵਿੰਦਰ ਸੁੱਖੀ ਜੋ ਕਿ ਵਿਧਾਨ ਸਭਾ ਹਲਕਾ ਬੰਗਾ ਦੇ ਹਲਕਾ ਇੰਚਾਰਜ ਸਨ | ਮੁਕੰਦਪੁਰ, ਗੁਣਾਚੌਰ, ਸਾਹਲੋਂ ਹੇੜੀਆਂ, ਕਮਾਮ, ਸਕੋਹਪੁਰ, ਸੋਡੀਆਂ ਆਦਿ ਪਿੰਡਾਂ ਦੀ ਮੰਗ ਸੀ ਕਿ ਰਾਹੋਂ ਤੋਂ ਆ ਰਹੀ ਨਹਿਰ ਦੇ ਨਾਲ-ਨਾਲ ਤਲਵੰਡੀ ਫੱਤੂ ਤੋਂ ਸਾਹਲੋਂ ਤੱਕ ਸੜਕ ਬਣਾਈ ਜਾਵੇ | ਕਿਉਂਕਿ ਸਕੋਹ ਪੁਰ ਤੋਂ ਅੱਗੇ ਰਾਹੋਂ ਤੱਕ ਨਹਿਰ ਦੇ ਨਾਲ-ਨਾਲ ਪੱਕੀ ਸੜਕ ਬਣੀ ਹੋਈ ਹੈ | ਇਲਾਕੇ ਦੇ ਲੋਕਾਂ ਦੀ ਇਸ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਇੰਚਾਰਜ ਡਾ. ਸੁੱਖੀ ਵਲੋਂ ਇਕ ਜਨਵਰੀ 2017 ਨੂੰ ਤਲਵੰਡੀ ਫੱਤੂ ਦੇ ਪੁਲ ਉੱਪਰ ਆਪਣੇ ਕਰ-ਕਮਲਾਂ ਨਾਲ ਨੀਂਹ ਪੱਥਰ ਰੱਖ ਕੇ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਪਰ ਹੋਇਆ ਸਭ ਕੁੱਝ ਇਸਦੇ ਉਲਟ, ਕਿਉਂਕਿ ਜਦੋਂ ਇਹ ਨੀਂਹ ਪੱਥਰ ਰੱਖਿਆ ਗਿਆ ਸੀ | ਉਸ ਵੇਲੇ ਡਾ. ਸੁੱਖੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਨ | ਇਸ ਤੋਂ ਬਾਅਦ ਉਨ੍ਹਾਂ ਨੇ ਅਕਾਲੀ ਦਲ ਵਲੋਂ ਹੀ ਚੋਣ ਲੜੀ ਤੇ ਵਿਧਾਨ ਸਭਾ ਹਲਕਾ ਬੰਗਾ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬੰਗਾ ਦਾ ਵਿਧਾਇਕ ਬਣਾਉਣ ਦਾ ਮਾਣ ਬਖ਼ਸ਼ਿਆ | ਪਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਉਨ੍ਹਾਂ ਵਲੋਂ ਆਰੰਭੇ ਕਾਰਜ ਅਧੂਰੇ ਦੇ ਅਧੂਰੇ ਹੀ ਰਹਿ ਗਏ | ਹੁਣ ਜਦੋਂ ਡਾ. ਸੁੱਖੀ ਜੋ ਕਿ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਹਨ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਆਮ ਪਾਰਟੀ ਦੀ ਸਰਕਾਰ ਨਾਲ ਨਾਤਾ ਜੋੜ ਲਿਆ ਤਾਂ ਜਾ ਕੇ ਉਨ੍ਹਾਂ ਵਲੋਂ ਆਰੰਭੇ ਗਏ ਵਿਕਾਸ ਕਾਰਜ ਜੋ ਅਧੂਰੇ ਪਏ ਸਨ, ਉਨ੍ਹਾਂ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਤਲਵੰਡੀ ਫੱਤੂ ਦੇ ਪੁੱਲ ਤੋਂ ਔੜ-ਨਵਾਂਸ਼ਹਿਰ ਮਾਰਗ 'ਤੇ ਪੈਂਦੇ ਪਿੰਡ ਸਕੋਹ ਪੁਰ ਦੇ ਨਹਿਰ ਦੇ ਪੁੱਲ ਤੱਕ ਸੜਕ ਬਣਨੀ ਸ਼ੁਰੂ ਹੋ ਗਈ ਹੈ | ਇਹ ਸੜਕ ਤਲਵੰਡੀ ਫੱਤੂ ਦੇ ਪੁੱਲ ਤੋਂ ਸ਼ੁਰੂ ਹੋਵੇਗੀ ਅੱਗੋਂ ਗੁਣਾਚੌਰ, ਰਾਏਪੁਰ ਡੱਬਾ, ਕਮਾਮ, ਸਾਹਲੋਂ, ਸਕੋਹ ਪੁਰ ਤੱਕ ਬਣੇਗੀ | ਇਲਾਕੇ ਦੇ ਲੋਕ, ਪਿੰਡਾਂ ਦੇ ਪੰਚ-ਸਰਪੰਚ, ਮੁਹਤਬਰ ਵਿਅਕਤੀ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕਰ ਰਹੇ ਹਨ |