ਕਾਠਗੜ੍ਹ, 7 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਅੱਜ ਦੇ ਦੌੜ ਦੇ ਸਮੇਂ ਵਿਚ ਇਨਸਾਨੀਅਤ ਨਿਘਾਰ ਵੱਲ ਜਾ ਰਹੀ ਹੈ ਪਰ ਉਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਆਪਣੇ ਇਨਸਾਨੀਅਤ ਦੇ ਫਰਜ਼ਾਂ ਨੂੰ ਕਦੇ ਵੀ ਭੁੱਲਦੀਆਂ ਨਹੀਂ | ਅਜਿਹਾ ਹੀ ਸਮਾਜ ਸੇਵੀ ਪਿੰਡ ਰੈਲਮਾਜਰਾ ਦਾ ਨੌਜਵਾਨ ਪ੍ਰਧਾਨ ਸੁਰਿੰਦਰ ਸ਼ਿੰਦਾ ਹੈ, ਜਿਸ ਨੇ ਹੁਣ ਤੱਕ ਆਪਣੇ ਸਾਥੀਆਂ ਟੀਮ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ 12 ਅਣਪਛਾਤੀਆਂ ਲਾਸ਼ਾਂ ਦਾ ਸਸਕਾਰ ਕਰਵਾਇਆ ਹੈ | ਇਸ ਸੰਬੰਧੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਦੱਸਿਆ ਕਿ ਇਹ ਸਾਡਾ ਇਨਸਾਨੀ ਫ਼ਰਜ਼ ਹੈ, ਜਿਸ ਦਾ ਕੋਈ ਨਹੀਂ ਹੁੰਦਾ, ਉਸ ਦੇ ਜ਼ਰੂਰ ਬਣੋ | ਪ੍ਰਮਾਤਮਾ ਆਪ ਸਹਾਈ ਹੁੰਦੇ ਹਨ | ਉਨ੍ਹਾਂ ਕਿਹਾ ਸਾਰੀਆਂ ਅੰਤਿਮ ਰਸਮਾਂ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਕਰਵਾਈਆਂ ਜਾਂਦੀਆਂ ਹਨ | ਸ਼ਿੰਦਾ ਨੇ ਕਿਹਾ ਇਹ ਫਰਜ਼ ਨਿਭਾ ਕੇ ਉਨ੍ਹਾਂ ਦੀ ਆਤਮਾ ਨੂੰ ਸਕੂਨ ਮਿਲਦਾ ਹੈ | ਇਸ ਕੰਮ ਵਿਚ ਉਸ ਦੇ ਨੌਜਵਾਨ ਸਾਥੀਆਂ ਦੀ ਟੀਮ ਵੀ ਉਨ੍ਹਾਂ ਦਾ ਪੂਰਾ ਸਾਥ ਦਿੰਦੇ ਹਨ | ਉਨ੍ਹਾਂ ਕਿਹਾ ਕਿ ਇਹ ਸਮਾਜ ਸੇਵੀ ਕੰਮ ਤੇ ਗਰੀਬਾਂ ਦੀ ਮਦਦ ਕਰਨਾ ਰਹਿੰਦੀ ਜ਼ਿੰਦਗੀ ਤੱਕ ਜਾਰੀ ਰਹੇਗਾ |