ਕਾਠਗੜ੍ਹ, 20 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਥਾਣਾ ਕਾਠਗੜ੍ਹ ਪੁਲਿਸ ਨੇ ਇਕ ਔਰਤ ਨੂੰ ਕਾਬੂ ਕਰਕੇ ਉਸਦੇ ਕੋਲੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਕਥਿਤ ਦੋਸ਼ੀ ਔਰਤ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਂਚ ਅਧਿਕਾਰੀ ਹੈਂਡ ਕਾਂਸਟੇਬਲ ਗੌਰਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਪੁਲਿਸ ਪਾਰਟੀ ਸਮੇਤ ਲੇਡੀ ਸਿਪਾਹੀ ਅਨੀਤਾ ਰਾਣੀ, ਲੇਡੀ ਸਿਪਾਹੀ ਪ੍ਰਭਜੀਤ ਕੌਰ ਅਤੇ ਐਕਸਾਈਜ਼ ਇੰਸਪੈਕਟਰ ਸੁਨੀਲ ਭਾਰਦਵਾਜ ਵੱਲੋਂ ਟੀ. ਪੁਆਇੰਟ ਚਾਹਲਾਂ ਵਿਸ਼ੇਸ਼ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਧਰਮਵਤੀ ਪਤਨੀ ਮਨੀਸ਼ ਕੁਮਾਰ ਵਾਸੀ ਕਾਠਗੜ੍ਹ ਨਜ਼ਦੀਕ ਦਾਣਾ ਮੰਡੀ ਰਹਿੰਦੀ ਹੈ, ਜੋ ਕਿ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ ਤੇ ਹੁਣ ਵੀ ਗ੍ਰਾਹਕਾਂ ਦੇ ਇੰਤਜ਼ਾਰ ਵਿਚ ਬੈਠੀ ਹੈ | ਇਸ 'ਤੇ ਪੁਲਿਸ ਨੇ ਇਤਲਾਹ ਸਹੀ ਸਮਝ ਕੇ ਤੁਰੰਤ ਰੇਡ ਕਰਕੇ ਕਥਿਤ ਦੋਸ਼ੀ ਔਰਤ ਧਰਮਵਤੀ ਪਤਨੀ ਮਨੀਸ਼ ਕੁਮਾਰ ਵਾਸੀ ਕਾਠਗੜ੍ਹ ਨਜ਼ਦੀਕ ਦਾਣਾ ਮੰਡੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਨਾਲ ਕਾਬੂ ਕਰਕੇ ਉਸਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |