ਬੰਗਾ, 1 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਲਾਇਨ ਰਾਮ ਜੀਤ ਸਿੰਘ ਦੀ ਪ੍ਰਧਾਨਗੀ ਹੇਠ ਦਰਬਾਰ ਲੱਖ ਦਾਤਾ ਪੀਰ ਰੋਜ਼ਾ ਸ਼ਰੀਫ ਦੁਸਾਂਝ ਖੁਰਦ ਵਿਖੇ ਇਸ ਲਾਇਨ ਸਾਲ ਦਾ ਦੂਸਰਾ ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ | ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਕ ਮੁਕੰਦਪੁਰ ਇਕਾਈ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦਾ ਉਦਘਾਟਨ ਸਾਈਾ ਸੋਮੇ ਸ਼ਾਹ ਕਾਦਰੀ ਗੱਦੀ ਨਸ਼ੀਨ ਤੇ ਮੁੱਖ ਸਲਾਹਕਾਰ ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿ. ਪੰਜਾਬ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ | ਇਸ ਕੈਂਪ ਦੌਰਾਨ 150 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਅੱਖਾਂ ਦਾ ਅਤੇ ਜਨਰਲ ਬਿਮਾਰੀਆਂ ਦੀ ਜਾਂਚ ਕੀਤੀ ਗਈ | ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਗਈਆਂ | ਇਸ ਮੌਕੇ ਸੰਬੋਧਨ ਹੁੰਦਿਆਂ ਮੁੱਖ ਮਹਿਮਾਨ ਨੇ ਕਲੱਬ ਮੈਂਬਰਾਂ ਦੇ ਇਸ ਸਮਾਜ ਸੇਵੀ ਕਾਰਜ ਲਈ ਭਰਪੂਰ ਤਾਰੀਫ਼ ਕੀਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਨ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਹਾਜ਼ਰ ਮੈਂਬਰਾਂ ਵਿੱਚ ਡਾਕਟਰ ਮੁਕੇਸ਼ ਕੁਮਾਰ ਉਪਾਧਿਆਏ, ਡਾਕਟਰ ਵਿਜੇ ਕੁਮਾਰ, ਡਾਕਟਰ ਰਾਮ ਜੀ ਦਾਸ, ਡਾਕਟਰ ਦੇਸ ਰਾਜ, ਡਾਕਟਰ ਹਰਦੀਪ, ਲਾਇਨ ਹਰਦੇਵ ਸਿੰਘ ਬੇਦੀ, ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ, ਲਾਇਨ ਨਿਰੰਜਨ ਸਿੰਘ, ਆਦਿ ਹਾਜ਼ਰ ਸਨ |