ਬਲਾਚੌਰ, 19 ਫਰਵਰੀ (ਨਰੇਸ਼ ਧੌਲ)-ਬਲਾਚੌਰ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਗੈਸਟ ਹਾਊਸ ਦਾ ਨਾਂਅ ਤਹਿਸੀਲ ਬਲਾਚੌਰ ਦੇ ਪਿੰਡ ਚੰਦਿਆਣੀ ਦੇ ਜੰਮ ਪਲ ਡਾਕਟਰ ਐਸ. ਡੀ ਖੇਪੜ ਦੇ ਨਾਂਅ 'ਤੇ ਰੱਖਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਖੇਤਰੀ ਖੋਜ ਕੇਂਦਰ ਦੇ ਡੀਨ ਮਨਮੋਹਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਕਾਦਮਿਕ ਕਾਊਾਸਲ ਵੱਲੋਂ ਚੇਅਰਮੈਨ ਡਾ. ਸਤਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ ਕਿ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਸਥਾਪਿਤ ਗੈਸਟ ਹਾਊਸ ਦਾ ਨਾਂਅ ਡਾ. ਐੱਸ.ਡੀ. ਖੇਪੜ ਦੇ ਨਾਂਅ 'ਤੇ ਰੱਖਿਆ ਜਾਵੇ | ਉਨ੍ਹਾਂ ਦੱਸਿਆ ਕਿ ਡਾ. ਐੱਸ. ਡੀ. ਖੇਪੜ ਨੇ ਖੇਤਰੀ ਖੋਜ ਕੇਂਦਰ ਦੇ ਪਹਿਲੇ ਨਿਰਦੇਸ਼ਕ ਵੱਜੋਂ ਸੰਨ 1979 ਤੋਂ 1982 ਤੱਕ ਸੇਵਾਵਾਂ ਨਿਭਾਈਆਂ ਸਨ ਅਤੇ ਇਸ ਸੈਂਟਰ ਨੂੰ ਬਣਾਉਣ ਲਈ ਇਲਾਕੇ ਦੀਆਂ ਪੰਚਾਇਤਾਂ ਤੋਂ ਜ਼ਮੀਨ ਯੂਨੀਵਰਸਿਟੀ ਨੂੰ ਲੈ ਕੇ ਦਿੱਤੀ | ਡਾ. ਖੇਪੜ ਨੇ ਇਸ ਸੈਂਟਰ ਨੂੰ ਸਥਾਪਿਤ ਕਰਕੇ ਕੰਢੀ ਇਲਾਕੇ ਵਿੱਚ ਵਿਕਾਸ ਦੀ ਸ਼ੁਰੂਆਤ ਕੀਤੀ ਸੀ |