ਬਲਾਚੌਰ, 19 ਫਰਵਰੀ (ਨਰੇਸ਼ ਧੌਲ)-ਪੰਜਾਬ ਅੰਦਰ ਸ਼ਰੇਆਮ ਏ.ਕੇ 47 ਜਿਹੇ ਘਾਤਕ ਹਥਿਆਰ ਚੱਲਣੇ ਅਤੇ ਦਿਨ-ਦਿਹਾੜੇ ਸਮਾਗਮਾਂ ਵਿੱਚ ਹੁੰਦੀ ਕਤਲੋ ਗਾਰਦ ਜਿਹੀਆਂ ਘਟਨਾਵਾਂ ਆਉਣ ਵਾਲੇ ਸਮੇਂ ਲਈ ਅਸ਼ੁੱਭ ਸੰਕੇਤ ਦੇ ਰਹੀਆਂ ਹਨ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਸਮੇਂ ਤੋਂ ਪੰਜਾਬ 'ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਲਦਿਆਂ ਹੋਇਆਂ ਗੋਲੀ ਚੱਲਣਾ, ਖੂਨ ਬਹਾਉਣਾ, ਕਤਲੋ ਗਾਰਦ ਕਰਨਾ ਆਮ ਜਿਹੀ ਗੱਲ ਹੋ ਗਈ ਹੈ | ਜਿਸ ਕਾਰਨ ਸਮੁੱਚਾ ਪੰਜਾਬ ਦਹਿਸ਼ਤ ਦੇ ਮਾਹੌਲ 'ਚੋਂ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨ ਤਰਨ ਤਾਰਨ ਅੰਦਰ ਹੋਈ ਘਟਨਾ ਇਹ ਪੂਰੀ ਤਰ੍ਹਾਂ ਸਾਬਤ ਕਰਦੀ ਹੈ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਗੈਂਗਸਟਰਵਾਦ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਅਜੋਕੇ ਹਾਲਾਤਾਂ ਦੌਰਾਨ ਕੋਈ ਵਰਗ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ | ਕਿਉਂਕਿ ਮੌਜੂਦਾ ਸਰਕਾਰ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ 'ਚ ਪੂਰੀ ਤਰਾਂ ਅਸਮਰਥ ਜਾਪ ਰਹੀ ਹੈ | ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕਿਹਾ ਕਿ ਫੋਕੀਆਂ ਬਿਆਨਬਾਜ਼ੀਆਂ ਨੂੰ ਨਜ਼ਰ ਅੰਦਾਜ਼ ਕਰਕੇ ਪੰਜਾਬ ਦੇ ਜਮੀਨੀ ਪੱਧਰ 'ਤੇ ਵਿਗੜ ਰਹੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਅਹਿਮ ਕਦਮ ਚੁੱਕਣੇ ਚਾਹੀਦੇ ਹਨ |