ਮੁੱਲਾਂਪੁਰ-ਦਾਖਾ, 7 ਮਈ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਭਨੋਹੜ ਵਿਖੇ ਕਾਲਜ ਪਿ੍ੰਸੀਪਲ ਕੁਲਵਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਕੌਮਾਂਤਰੀ ਨਰਸ ਹਫ਼ਤੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ | ਮੈਡਮ ਦਿਲਰਾਜਪ੍ਰੀਤ ਕੌਰ ਅਤੇ ਮੈਡਮ ਸਿਮਰਤ ਕੌਰ ਦੀ ਨਜ਼ਰਸਾਨੀ ਹੇਠ ਹੋਏ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਆਪਣੀ ਰਚਨਾਤਮਕ ਕਲਾ ਕੌਸ਼ਲ ਅਤੇ ਨਰਸਿੰਗ ਦੇ ਮਹਾਨ ਪੇਸ਼ੇ ਨੂੰ ਪੋਸਟਰਾਂ ਅਤੇ ਸਲੋਗਨਾਂ ਰਾਹੀਂ ਦਰਸਾਇਆ ਗਿਆ | ਕਾਲਜ ਦੇ ਪ੍ਰਬੰਧਕ ਡਾ: ਬੀ.ਐੱਲ. ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ, ਪਿ੍ੰਸੀਪਲ ਕੁਲਵਿੰਦਰ ਕੌਰ ਸਰਾਂ ਵਲੋਂ ਵਿਦਿਆਰਥੀਆਂ ਦੁਆਰਾ ਬਣਾਏ ਪੋਸਟਰ ਅਤੇ ਸਲੋਗਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਰਾਹੀਂ ਸਿਹਤ ਸੰਭਾਲ ਦੇ ਖੇਤਰ ਵਿਚ ਨਰਸਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ | ਡਾ: ਬੀ.ਐੱਲ ਬਾਂਸਲ ਨੇ ਕਿਹਾ ਕਿ ਮਰੀਜ਼ਾਂ ਦੀ ਦੇਖਭਾਲ ਵਿਚ ਨਰਸਾਂ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ, ਉਹ ਡਾਕਟਰਾਂ ਦੁਆਰਾ ਇਲਾਜ ਨੂੰ ਅਮਲੀ ਰੂਪ ਵਿਚ ਲਾਗੂ ਕਰਦੀਆਂ ਹਨ |