04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਧੂਰੇ ਲਟਕਦੇ ਸੜਕੀ ਪ੍ਰਾਜੈਕਟਾਂ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ

ਅਜੀਤ ਡੈਸਕ 08-05-2026
ਰਾਏਕੋਟ, 7 ਮਈ (ਸੁਸ਼ੀਲ)-ਸ਼ਹਿਰ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਇਲਾਕਿਆਂ ਵਿਚੋਂ ਇਕ ਟੈਲੀਫ਼ੋਨ ਐਕਸਚੇਂਜ ਤੋਂ ਬਰਨਾਲਾ ਚੌਂਕ ਤੱਕ ਦੀ ਖਸਤਾ ਹਾਲਤ ਸੜਕ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਲੋਂ ਪਿਛਲੇ ਸਾਲ ਨਵੰਬਰ ਮਹੀਨੇ ਦੇ ਕਰੀਬ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਉਸਾਰੀ ਸ਼ੁਰੂੂ ਕਰਵਾਈ ਸੀ, ਜਿਸਦੀ ਸ਼ੁਰੂਆਤ ਹਲਕਾ ਵਿਧਾਇਕ ਵਲੋਂ ਟੱਕ ਲਗਾ ਕੇ ਕਰਵਾਈ ਗਈ ਸੀ, ਪ੍ਰੰਤੂ ਛੇ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਇੰਨ੍ਹਾਂ ਸੜਕਾਂ ਦੀ ਹਾਲਤ ਜਿਉਂ ਦੀ ਤਿਉਂ ਹੈ | ਠੇਕੇਦਾਰ ਵਲੋਂ ਸੜਕ 'ਤੇ ਲੱਗੀਆਂ ਪੁਰਾਣੀ ਇੰਟਰਲਾਕਿੰਗ ਟਾਈਲਾਂ ਨੂੰ ਪੁਟਾ ਕੇ ਇੱਥੇ ਪ੍ਰੀਮਿਕਸ ਵਾਲੀ ਸੜਕ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਪ੍ਰੰਤੂ ਹੁਣ ਇਹ ਪ੍ਰੋਜੈਕਟ ਲੋਕਾਂ ਲਈ ਗਲੇ ਦੀ ਹੱਡੀ ਬਣ ਗਿਆ ਹੈ | ਠੇਕੇਦਾਰ ਵਲੋਂ ਕਈ ਮਹੀਨੇ ਪਹਿਲਾਂ ਸੜਕ ਪੁੱਟ ਕੇ ਉਸ ਉੱਪਰ ਮੋਟਾ ਪੱਥਰ ਪਾ ਕੇ ਕੰਮ ਵਿਚਾਲੇ ਹੀ ਛੱਡ ਦਿੱਤਾ ਗਿਆ ਹੈ | ਸੜਕ 'ਤੇ ਖਿੱਲਰੇ ਪੱਥਰਾਂ ਕਾਰਨ ਦੋ ਪਹੀਆ ਵਾਹਨ ਚਾਲਕ ਅਕਸਰ ਤਿਲਕ ਕੇ ਡਿੱਗ ਰਹੇ ਹਨ | ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਸ ਰਸਤੇ ਤੋਂ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ | ਸੜਕ ਕੱਚੀ ਹੋਣ ਕਾਰਨ ਉੱਡਦੀ ਧੂੜ ਨੇ ਦੁਕਾਨਦਾਰਾਂ ਅਤੇ ਨੇੜਲੇ ਘਰਾਂ ਦੇ ਲੋਕਾਂ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ | ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਨੇ ਟਾਈਲਾਂ ਉਖਾੜ ਕੇ ਦਾਅਵਾ ਕੀਤਾ ਸੀ ਕਿ ਜਲਦ ਹੀ ਪ੍ਰੀਮਿਕਸ ਸੜਕ ਤਿਆਰ ਹੋ ਜਾਵੇਗੀ, ਪਰ ਮਹੀਨਿਆਂ ਤੋਂ ਠੇਕੇਦਾਰ ਗਾਇਬ ਹੈ | ਦੁਕਾਨਦਾਰਾਂ ਦਾ ਕਾਰੋਬਾਰ ਵੀ ਇਸ ਖਸਤਾ ਹਾਲ ਸੜਕ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਗਾਹਕ ਇੱਥੋਂ ਲੰਘਣ ਤੋਂ ਕਤਰਾਉਂਦੇ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਹੈ, ਪਰ ਸਿਵਾਏ ਲਾਰਿਆਂ ਦੇ ਕੁਝ ਪੱਲੇ ਨਹੀਂ ਪਿਆ | ਦੂਜੇ ਪਾਸੇ ਇਹੀ ਹਾਲਤ ਸ਼ਹਿਰ ਦੀ ਲੁਧਿਆਣਾ ਰੋਡ (ਤਲਵੰਡੀ ਗੇਟ ਤੋਂ ਲੈ ਕੇ ਪੀ.ਐੱਨ.ਬੀ) ਤੱਕ ਦੀ ਹੈ, ਜਿਸ ਦੀ ਉਸਾਰੀ ਵੀ ਹੁਣ ਤੱਕ ਸ਼ੁਰੂ ਨਹੀਂ ਹੋ ਪਾਈ ਹੈ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਸੜਕ ਨਾ ਬਣੀ ਤਾਂ ਉਹ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਇਲਾਕਾ ਨਿਵਾਸੀਆਂ ਨੇ ਉੱਚ ਅਧਿਕਾਰੀਆਂ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਕੰਮ ਨੂੰ ਜੰਗੀ ਪੱਧਰ 'ਤੇ ਮੁਕੰਮਲ ਕੀਤਾ ਜਾਵੇ |
ਕੀ ਕਹਿਣਾ ਹੈ ਕਾਰਜਸਾਧਕ ਅਫ਼ਸਰ ਦਾ-
ਇਸ ਸਬੰਧ ਵਿਚ ਜਦ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਗ੍ਰਾਂਟ ਨਾਲ ਸ਼ੁਰੂ ਕਰਵਾਇਆ ਗਿਆ ਸੀ, ਪ੍ਰੰਤ ਕੁਝ ਕਾਰਨਾਂ ਕਰਕੇ ਗ੍ਰਾਂਟ ਰੁਕ ਜਾਣ ਕਾਰਨ ਠੇਕੇਦਾਰ ਵਲੋਂ ਇਹ ਕੰਮ ਰੋਕਿਆ ਗਿਆ ਹੈ | ਉਨ੍ਹਾਂ ਭਰੋਸਾ ਦਵਾਇਆ ਕਿ 15 ਦਿਨਾਂ ਦੇ ਅੰਦਰ ਇਹ ਕੰਮ ਸ਼ੁਰੂੂ ਹੋ ਜਾਵੇਗਾ ਅਤੇ ਸ਼ਹਿਰ ਵਿਚ ਅੱਧ ਵਿਚਕਾਰ ਲਟਕਦੇ ਸਾਰੇ ਸੜਕੀ ਪ੍ਰੋਜੈਕਟ ਡੇਢ ਮਹੀਨੇ ਦੇ ਅੰਦਰ ਪੂਰੇ ਕਰ ਲਏ ਜਾਣਗੇ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਗਵਰਨਰ ਦੇ ਘਰ ਵੱਲ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੇਗੀ ਅਗਲੀ ਖ਼ਬਰ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।