ਜਗਰਾਉਂ, 1 ਅਪ੍ਰੈਲ (ਵਿਨੋਦ ਕੁਮਾਰ)-ਜਗਰਾਉਂ ਸ਼ਹਿਰ ਵਾਰਡ ਨੰਬਰ-23 ਦੀ ਢਿੱਲੋਂ ਕਲੋਨੀ ਅਮਰੂਦਾਂ ਵਾਲੀ ਗਲੀ ਦਾ ਕੰਮ ਪਿਛਲੇ 20 ਸਾਲਾਂ ਤੋਂ ਰੁਕਿਆ ਹੋਇਆ ਸੀ | ਇਹ ਗਲੀ ਹਰੀ ਸਿੰਘ ਰੋਡ ਨੂੰ ਮੁੱਖ ਮਾਰਗ ਨਾਲ ਜੋੜਦੀ ਹੈ | ਅੱਜ ਇਸ ਦੇ ਰੁਕੇ ਹੋਏ ਕੰਮ ਦੀ ਸ਼ੁਰੂਆਤ ਮਹੱਲਾ ਵਾਸੀਆਂ ਅਤੇ ਸਵ: ਕੌਂਸਲਰ ਬੀਬੀ ਕਮਲਜੀਤ ਕੌਰ ਦੇ ਸਪੁੱਤਰ ਐਡਵੋਕੇਟ ਵਰਿੰਦਰ ਸਿੰਘ ਦੀ ਹਾਜ਼ਰੀ 'ਚ ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਦੁਆਰਾ ਟੱਕ ਲਗਾ ਕੇ ਕਰਵਾਈ ਗਈ | ਇਸ ਸਮੇਂ ਮੁਹੱਲਾ ਵਾਸੀਆਂ ਨੇ ਚਿਰਾਂ ਤੋਂ ਲਟਕੇ ਇਸ ਗਲੀ ਨੂੰ ਬਣਨ ਦਾ ਕੰਮ ਸ਼ੁਰੂ ਹੋਣ 'ਤੇ ਲੱਡੂ ਵੰਡੇ ਅਤੇ ਇਸ ਕਾਰਜ ਲਈ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਕੰਮ ਸ਼ੁਰੂ ਹੋ ਸਕਿਆ | ਜ਼ਿਕਰਯੋਗ ਹੈ ਕਿ ਢਿੱਲੋਂ ਕਲੋਨੀ ਦੇ ਇਸ 800 ਫੁੱਟ ਰਸਤੇ ਦੀ ਹਾਲਤ ਲੰਬੇ ਸਮੇਂ ਤੋਂ ਬਹੁਤ ਤਰਸਯੋਗ ਸੀ, ਇਥੋਂ ਪੈਦਲ ਵੀ ਜਾਣਾ ਔਖਾ ਸੀ ਵਹੀਕਲ ਦੀ ਤਾਂ ਗੱਲ ਛੱਡੋ | ਇਸ ਮੌਕੇ ਸ: ਸ਼ਮਸ਼ੇਰ ਸਿੰਘ ਗਾਲਿਬ ਨੇ ਕਿਹਾ ਕਿ 23 ਨੰਬਰ ਵਾਰਡ ਦੇ ਕੌਂਸਲਰ ਬੀਬੀ ਕਮਲਜੀਤ ਕੌਰ ਸਿੱਖਿਆ ਵਿਭਾਗ 'ਚ ਸੇਵਾ ਨਿਭਾ ਕੇ ਮੁਹੱਲੇ ਦੇ ਕਾਰਜ ਵਧੀਆ ਢੰਗ ਨਾਲ ਸਭ ਦੇ ਸਹਿਯੋਗ ਨਾਲ ਚਲਾ ਰਹੀ ਸੀ ਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਦਿਹਾਂਤ ਹੋਣ ਤੋਂ ਮਗਰੋਂ ਉਨ੍ਹਾਂ ਦਾ ਸਪੁੱਤਰ ਐਡਵੋਕੇਟ ਵਰਿੰਦਰ ਸਿੰਘ ਵੀ ਮੁਹੱਲਾ ਵਾਸੀਆਂ ਦੇ ਨਾਲ ਤਾਲਮੇਲ ਰੱਖ ਰਿਹਾ ਅਤੇ ਵਾਰਡ ਦੇ ਲੋੜੀਂਦੇ ਕਾਰਜਾਂ ਨੂੰ ਕਰਵਾਉਣ ਲਈ ਯਤਨਸ਼ੀਲ ਹੈ | ਇਸ ਸਬੰਧੀ ਠੇਕੇਦਾਰ ਉੱਜਵਲ ਸਿੰਗਲਾ ਨੇ ਕਿਹਾ ਕਿ ਇਹ ਗਲੀ ਬਣਨ ਦਾ ਕੰਮ ਅਪ੍ਰੈਲ ਮਹੀਨੇ 'ਚ ਮੁਕੰਮਲ ਹੋ ਜਾਵੇਗਾ ਅਤੇ ਇਸ 'ਤੇ 18 ਲੱਖ ਰੁਪਏ ਖ਼ਰਚਾ ਆਵੇਗਾ | ਇਸ ਮੌਕੇ ਸਾਜਨ ਮਲਹੋਤਰਾ, ਨਿਰਮਲ ਸਿੰਘ ਹਿੰਮਤਪੁਰਾ, ਰੇਸ਼ਮ ਸਿੰਘ ਘੋਲੀਆ ਤੇ ਮੁਹੱਲਾ ਨਿਵਾਸੀ ਹਾਜ਼ਰ ਸਨ |