ਗੁਰੂਸਰ ਸੁਧਾਰ, 19 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਵਲੋਂ ਕੀਤੇ ਵਾਅਦੇ ਤੇ ਗਾਰੰਟੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਬੀਤੇ ਦਿਨੀਂ ਸ਼ੁਰੂ ਕੀਤੀ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਸਿਹਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਪਾਰਟੀ ਦੇ ਵਲੰਟੀਅਰ ਆਪਣੀ ਜ਼ਿੰੰਮੇਵਾਰੀ ਬਾਖ਼ੂਬੀ ਨਿਭਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ ਨੇ ਪਿੰਡ ਰੱਤੋਵਾਲ, ਅਕਾਲਗੜ੍ਹ ਤੇ ਹੋਰਨਾਂ ਪਿੰਡਾਂ ਵਿਖੇ ਸਿਹਤ ਬੀਮਾ ਯੋਜਨਾ ਦੇ ਬਣ ਰਹੇ ਕਾਰਡਾਂ ਦਾ ਜਾਇਜ਼ਾ ਲੈਣ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਹੀ ਦਿਨਾਂ ਵਿਚ ਵਲੰਟੀਅਰਜ਼ ਨੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਯੋਗ ਅਗਵਾਈ ਅਤੇ ਬਲਾਕ ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ, ਮਨਦੀਪ ਸਿੰਘ ਹਲਵਾਰਾ ਦੀਆਂ ਨਿੱਜੀ ਕੋਸ਼ਿਸ਼ਾਂ ਸਦਕਾ 1500 ਤੋਂ ਵਧੇਰੇ ਕਾਰਡ ਬਣਾ ਕੇ ਲੋਕਾਂ ਨੂੰ ਸਿਹਤ ਸੁਵਿਧਾਵਾਂ, ਸਹੂਲਤਾਂ ਜਾਰੀ ਰਹਿ ਸਕਣ ਦਾ ਸਬੂਤ ਦਿੱਤਾ ਹੈ | ਪਰਮਿੰਦਰ ਸਿੰਘ ਰੱਤੋਵਾਲ ਅਨੁਸਾਰ ਹਲਕੇ ਦੇ ਪਿੰਡਾਂ ਵਿਚ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣ ਦਾ ਕੰਮ ਪਿੰਡਾਂ ਦੇ ਵੱਖ-ਵੱਖ ਵਾਰਡਾਂ ਅਤੇ ਘਰੋ-ਘਰੀ ਜਾ ਕੇ ਵੀ ਕੀਤਾ ਜਾਵੇਗਾ |