ਰਾਏਕੋਟ, 18 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਕੈਨੇਡਾ ਦੇ ਐਡਮਿੰਟਨ ਤੋਂ ਸਾਂਸਦ ਅਤੇ ਵਿਰੋਧੀ ਧਿਰ ਦੇ ਨੇਤਾ ਟਿੰਮ ਉੱਪਲ, ਜੋ ਆਪਣੇ ਵਤਨ ਪੁੱਜੇ ਹੋਏ ਹਨ, ਜੋ ਅੱਜ ਆਪਣੇ ਪਰਿਵਾਰ ਸਮੇਤ ਰਾਏਕੋਟ ਦੇ ਸੀਨੀਅਰ ਅਕਾਲੀ ਆਗੂ ਮਨੋਹਰ ਲਾਲ ਲਾਡੀ ਦੇ ਗ੍ਰਹਿ ਪੁੱਜੇ | ਇਸ ਮੌਕੇ ਸਾਂਸਦ ਟਿੰਮ ਉੱਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪੰਜਵੀਂ ਵਾਰ ਐਡਮਿੰਟਨ ਤੋਂ ਐੱਮ.ਪੀ ਚੁਣੇ ਗਏ ਹਨ ਅਤੇ ਪੰਜਵੀਂ ਵਾਰ ਜਿੱਤਣ ਦੇ ਬਾਅਦ ਉਹ ਆਪਣੇ ਵਤਨ ਪੁੱਜੇ ਹਨ, ਜਿੱਥੇ ਉਨ੍ਹਾਂ ਦਾ ਸਕੇ-ਸਬੰਧੀਆਂ ਤੇ ਵਤਨ ਵਾਸੀਆਂ ਵੱਲੋਂ ਨਿੱਘਾ ਮਾਣ-ਸਨਮਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਜ ਸੀਨੀਅਰ ਅਕਾਲੀ ਆਗੂ ਮਨੋਹਰ ਲਾਲ ਲਾਡੀ ਦੇ ਘਰ ਪੁੱਜਣ 'ਤੇ ਆਖਿਆ ਕਿ ਉਨ੍ਹਾਂ ਦਾ ਇਸ ਪਰਿਵਾਰ ਨਾਲ ਬਹੁਤ ਨਿੱਘੀ ਰਿਸ਼ਤਾ ਹੈ, ਕਿਉਂਕਿ ਇਨ੍ਹਾਂ ਦਾ ਬੇਟਾ ਪੰਕਜ ਦੂਆ ਉਨ੍ਹਾਂ ਦੇ ਪਰਸਨਲ ਅਸਿਸਟੈਂਟ ਹਨ | ਉਨ੍ਹਾਂ ਨੂੰ ਪੰਜਵੀਂ ਵਾਰ ਸਾਂਸਦ ਬਣਾਉਣ ਵਿੱਚ ਇਸ ਪਰਿਵਾਰ ਤੇ ਕੈਨੇਡਾ ਵਿਚ ਵੱਸਦੇ ਹੋਰਨਾਂ ਪੰਜਾਬੀ ਭਾਈਚਾਰੇ ਦਾ ਵਡਮੁੱਲਾ ਯੋਗਦਾਨ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਮਨੋਹਰ ਲਾਲ ਲਾਡੀ ਚੋਣਾਂ ਸਮੇਂ ਕੈਨੇਡਾ ਵਿੱਚ ਮੌਜੂਦ ਸਨ, ਜਿਨ੍ਹਾਂ ਵੱਲੋਂ ਵੀ ਉਨ੍ਹਾਂ ਦੀ ਚੋਣ ਕੰਪੇਨ ਵਿੱਚ ਆਪਣਾ ਅਹਿਮ ਸਹਿਯੋਗ ਦਿੱਤਾ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਹੈ | ਉਨ੍ਹਾਂ ਰਾਏਕੋਟ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਐਡਮਿੰਟਨ ਵਿੱਚ ਰਾਏਕੋਟ ਸ਼ਹਿਰ ਦੇ ਕਾਫ਼ੀ ਪਰਿਵਾਰ ਵਸਦੇ ਹਨ, ਜਿੰਨ੍ਹਾਂ ਵੱਲੋਂ ਵੀ ਉਨ੍ਹਾਂ ਨੂੰ ਚੋਣਾਂ ਮੌਕੇ ਸਹਿਯੋਗ ਦਿੱਤਾ ਜਾਂਦਾ ਹੈ | ਇਸ ਮੌਕੇ ਮਨੋਹਰ ਲਾਲ ਲਾਡੀ ਤੇ ਸਮੂਹ ਪਰਿਵਾਰ ਵੱਲੋਂ ਟਿੰਮ ਉੱਪਲ, ਉਨ੍ਹਾਂ ਦੇ ਪਿਤਾ ਹਰੀ ਸਿੰਘ ਉੱਪਲ, ਮਾਤਾ ਸਤਵੰਤ ਕੌਰ ਉੱਪਲ ਅਤੇ ਟਿੰਮ ਉੱਪਲ ਦੀ ਧਰਮਪਤਨੀ ਨੂੰ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਉਜਾਗਰ ਸਿੰਘ ਰਾਏ ਕੈਨੇਡਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਰਮੇਸ਼ ਮਾਨ ਕੈਨੇਡਾ, ਡਾ. ਨਰਿੰਦਰ ਡਾਬਰ, ਡਾ. ਸ਼ਾਮ ਸੁੰਦਰ ਅਰੋੜਾ, ਕੇਵਲ ਨਾਰੰਗ, ਵਿਨੋਦ ਅਰੋੜਾ, ਕਮਲ ਗੋਇਲ, ਪ੍ਰੀਤੀ ਅਰੋੜਾ, ਕਮਲੇਸ਼ ਅਰੋੜਾ, ਸੀਮਾ ਅਰੋੜਾ, ਈਸ਼ਾ ਮਾਨ, ਆਸ਼ਾ ਰਾਣੀ ਡਾਬਰ, ਪ੍ਰੇਮ ਲਤਾ ਟੱਕਰ ਆਦਿ ਹਾਜ਼ਰ ਸਨ |