ਇਕ ਰੋਜ਼ਾ ਨਾਟ ਫੈਸਟੀਵਲ 24 ਨੂੰ-ਪੱਬੀਆਂ
ਅਜੀਤ ਡੈਸਕ
19-02-2026
ਭੂੰਦੜੀ, 18 ਫਰਵਰੀ (ਕੁਲਦੀਪ ਸਿੰਘ ਮਾਨ)-ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਨਾਟ ਕਲਾ ਕੇਂਦਰ ਜਗਰਾਉਂ ਵਲੋਂ 24 ਫਰਵਰੀ ਨੂੰ ਜਗਰਾਉਂ ਵਿਚ ਸਥਿਤ ਡਾ. ਅੰਬੇਡਕਰ ਭਵਨ ਜਗਰਾਉਂ ਵਿਖੇ ਇਕ ਰੋਜ਼ਾ ਨਾਟ ਫੈਸਟੀਵਲ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਨਾਟ ਕਲਾ ਕੇਂਦਰ ਦੇ ਚੇਅਰਮੈਨ ਰਵੀ ਸਿੰਘ ਪੱਬੀਆਂ (ਯੂ.ਐੱਸ.ਏ.) ਨੇ ਦੱਸਿਆ ਕਿ ਇਸ ਵਾਰ ਫੈਸਟੀਵਲ ਦੌਰਾਨ ਪ੍ਰਸਿੱਧ ਕਹਾਣੀਕਾਰ ਗੁਰਮੇਲ ਸਿੰਘ ਬੌਡੇ ਨੂੰ ਡਾ. ਗੁਰਮੀਤ ਸਿੰਘ ਗਿੱਲ ਮੱਦੋਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਲੇਖਿਕਾ ਜਰਨੈਲ ਕੌਰ ਧਾਲੀਵਾਲ ਦਾ ਨਵਾਂ ਨਾਵਲ 'ਸੁਖੀ ਵਸੈ ਮਸਕੀਨੀਆ', ਡਾ. ਕੈਲਾਸ਼ ਠਾਕੁਰ ਦਾ ਮਿੰਨੀ ਕਹਾਣੀ ਸੰਗ੍ਰਹਿ 'ਸ਼ਬਦਾਂ ਦੇ ਘੇਰੇ' ਅਤੇ ਬਾਲ ਨਾਟਕ ਸੰਗ੍ਰਹਿ 'ਚਾਨਣ ਮੁਨਾਰਾ' ਲੋਕ ਅਰਪਿਤ ਕੀਤੇ ਜਾਣਗੇ | ਫੈਸਟੀਵਲ ਦੌਰਾਨ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਚੜ੍ਹਦੀ ਕਲਾ ਲਈ ਵਿਚਾਰ-ਚਰਚਾ ਵੀ ਕੀਤੀ ਜਾਵੇਗੀ ਅਤੇ ਵੱਖ-ਵੱਖ ਟੀਮਾਂ ਵਲੋਂ ਚੰਗੇ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ | ਚੇਅਰਮੈਨ ਰਵੀ ਸਿੰਘ ਪੱਬੀਆਂ ਨੇ ਦੱਸਿਆ ਕਿ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ਤਾਂ ਜੋ ਪੰਜਾਬੀ ਪਾਠਕਾਂ ਨੂੰ ਉੱਤਮ ਸਾਹਿਤ ਨਾਲ ਜੋੜਿਆ ਜਾ ਸਕੇ |