ਹਲਵਾਰਾ, 29 ਜਨਵਰੀ (ਮਨਦੀਪ ਸਿੰਘ ਉੱਭੀ)-ਹਰ ਸਾਲ ਗਣਤੰਤਰ ਦਿਵਸ 'ਤੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਬੁਲਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ | ਇਸ ਵਾਰ ਗਣਤੰਤਰ ਦਿਵਸ 'ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਵਿਭਾਗ ਮੁੱਖ ਮਹਿਮਾਨ ਵਜੋਂ ਪੁੱਜੇ ਜਿੰਨ੍ਹਾਂ ਸੁਤੰਤਰਤਾ ਸੰਗਰਾਮੀਆਂ ਦੇ ਵਾਰਿਸਾਂ ਨੂੰ ਸਨਮਾਨਿਤ ਕੀਤਾ | ਫਰੀਡਮ ਫਾਈਟਰ ਡੀਪੈਂਡੈਨਟ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਚੇਤਨਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਮਨਦੀਪ ਸਿੰਘ ਨੇ ਪੰਜਾਬ ਵਿਚ ਸੜਕਾਂ ਦੇ ਨਾਮ ਆਜ਼ਾਦੀ ਘੁਲਾਟੀਆਂ ਦੇ ਨਾਮ ਪਰ ਰੱਖਣ ਦੀ ਮੰਗ ਕੀਤੀ ਜੋ ਮੌਕੇ 'ਤੇ ਮੰਨੀ ਗਈ | ਇਸ ਮੌਕੇ ਕੁਲਵੰਤ ਸਿੰਘ ਸਿੱਧੂ, ਪੱਪੀ ਪਰਾਸ਼ਰ, ਦਲਜੀਤ ਸਿੰਘ ਭੋਲਾ, ਰਾਜਵਿੰਦਰ ਕੌਰ ਛੀਨਾ, ਮਦਨ ਲਾਲ ਬੱਗਾ (ਸਾਰੇ ਵਿਧਾਇਕ), ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਏ.ਡੀ.ਸੀ ਅਮਰਜੀਤ ਬੈਂਸ, ਐਸੋਸੀਏਸ਼ਨ ਦੇ ਸਰਪ੍ਰਸਤ ਮਾ. ਗੁਰਮੀਤ ਸਿੰਘ ਮੋਹੀ, ਜਨਰਲ ਸਕੱਤਰ ਨਰਿੰਦਰ ਸਿੰਘ ਬਿੱਲਾ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ |