ਰਾਏਕੋਟ, 22 ਜਨਵਰੀ (ਸੁਸ਼ੀਲ)-ਬੀਤੇ ਦਿਨੀਂ ਸ਼ਹਿਰ ਦੇ ਇਤਿਹਾਸਕ ਤਲਵੰਡੀ ਦਰਵਾਜ਼ੇ ਦੀ ਟੁੱਟੀ ਹੋਈ ਛੱਤ 'ਤੇ ਲੈਂਟਰ ਪਾਉਣ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵਿਚ ਹੋਈ ਤਿੱਖੀ ਬਹਿਸਬਾਜ਼ੀ ਤੋਂ ਬਾਅਦ ਚਰਚਾ ਵਿਚ ਆਏ ਇਸ ਇਤਿਹਾਸਕ ਤਲਵੰਡੀ ਦਰਵਾਜ਼ੇ 'ਤੇ ਲੈਂਟਰ ਪਾਉਣ ਦਾ ਕੰਮ ਅੱਜ ਨਗਰ ਕੌਂਸਲ ਵਲੋਂ ਸ਼ਾਂਤੀ ਪੂਰਵਕ ਮੁਕੰਮਲ ਕਰ ਲਿਆ ਗਿਆ | ਗੇਟ 'ਤੇ ਲੈਂਟਰ ਪੈਣ ਤੋਂ ਬਾਅਦ ਸਿਆਸੀ ਪਾਰਟੀਆਂ ਵਿਚ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਜੱਦੋ ਜਹਿਦ ਸ਼ੁਰੂ ਹੋ ਗਈ ਜਿਸ ਦੇ ਚਲਦਿਆਂ ਪਹਿਲਾਂ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਦੇ ਸਮਰਥਕਾਂ ਪ੍ਰਦੀਪ ਜੋਸ਼ੀ, ਨਰਾਇਣ ਦੱਤ ਕੌਸ਼ਿਕ, ਗੋਲੀ ਨਾਹਰ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਸਾਹਿਲ ਗੋਇਲ, ਵਿਪਨ ਡਾਵਰ, ਅਤੇ ਹੋਰ ਸਮਰਥਕਾਂ ਦੀ ਮੌਜੂਦਗੀ ਵਿਚ ਗੇਟ 'ਤੇ ਲੈਂਟਰ ਪੈਣ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ | ਇਸ ਤੋਂ ਥੋੜ੍ਹੀ ਦੇਰ ਬਾਅਦ ਬਾਅਦ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਧੜੇ੍ਹ ਨਾਲ ਸਬੰਧਿਤ ਬਲਾਕ ਪ੍ਰਧਾਨ ਰਾਮ ਕੁਮਾਰ ਛਾਪਾ, ਕਮਲ ਸੁਖਾਣਾ (ਪੀਏ ਵਿਧਾਇਕ ਠੇਕੇਦਾਰ ਹਾਕਮ ਸਿੰਘ), ਅਮਨਦੀਪ ਸਿੰਘ ਮਾਂਗਟ ਅਤੇ ਨੌਜਵਾਨ ਆਗੂ ਈਸ਼ੂ ਪਾਸੀ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਲੱਡੂ ਵੰਡਣ ਲਈ ਮੌਕੇ 'ਤੇ ਪਹੁੰਚ ਗਏ |