8 ਨੂੰ ਪ੍ਰਕਾਸ਼ ਪੁਰਬ ਸੰਬੰਧੀ ਝੋਰੜਾਂ ਤੋਂ ਨਾਨਕਸਰ ਤੱਕ ਸਜਾਏ ਜਾਣਗੇ ਵਿਸ਼ਾਲ ਨਗਰ ਕੀਰਤਨ-ਸੰਤ ਬਾਬਾ ਘਾਲਾ ਸਿੰਘ ਨਾਨਕਸਰ
ਹਠੂਰ, 22 ਜਨਵਰੀ (ਜਸਵਿੰਦਰ ਸਿੰਘ ਛਿੰਦਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪਿਛਲੇ ਸਾਲਾਂ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਤੋਂ 8 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ, ਇਹ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ | ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਨੇ ਅੱਜ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਕੋਲ ਵਿਸ਼ੇਸ਼ ਤੌਰ 'ਤੇ ਪੁੱਜਕੇ ਕੀਤਾ | ਉਨ੍ਹਾਂ ਨਾਲ ਮੁੱਖ ਗ੍ਰੰਥੀ ਤਖ਼ਤ ਸ੍ਰੀ ਪਟਨਾ ਸਾਹਿਬ ਗਿਆਨੀ ਗੁਰਦਿਆਲ ਸਿੰਘ ਵੀ ਉੱਚੇਚੇ ਹਾਜ਼ਰ ਸਨ | ਉਹ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵਲੋਂ ਮਾਘ ਮਹੀਨੇ ਦੇ ਸਮਾਗਮਾਂ 'ਚ ਸ਼ਮੂਲੀਅਤ ਲਈ ਸੱਦੇ ਪੱਤਰ ਨੂੰ ਪ੍ਰਵਾਨ ਕਰਦਿਆਂ ਇੱਥੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ | ਸਿ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਇਸ ਵਾਰ ਵੀ 8 ਫਰਵਰੀ ਨੂੰ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ ਜੋ ਵਾਇਆ ਮਾਣੂੰਕੇ, ਦੇਹੜਕਾ, ਡੱਲਾ, ਛੋਟੇ ਕਾਉਂਕੇ ਅਤੇ ਕਾਉਂਕੇ ਕਲਾਂ ਹੁੰਦਾ ਹੋਇਆ ਦੇਰ ਸ਼ਾਮ ਨਾਨਕਸਰ ਕਲੇਰਾਂ ਵਿਖੇ ਪਹੁੰਚਕੇ ਸਮਾਪਤ ਹੋਵੇਗਾ | ਇਸ ਮੌਕੇ ਭਾਈ ਗੇਜਾ ਸਿੰਘ ਨਾਨਕਸਰ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਬਿੰਦਰ ਸਿੰਘ, ਭਾਈ ਗੋਰਾ ਸਿੰਘ ਆਦਿ ਵੀ ਹਾਜ਼ਰ ਸਨ |
ਬਾਬਾ ਘਾਲਾ ਸਿੰਘ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਂਦੇ ਨਗਰ ਕੀਰਤਨ ਸ਼ਲਾਘਾਯੋਗ ਉੱਦਮ ਹੈ-ਜਥੇਦਾਰ ਗਿਆਨੀ ਬਲਦੇਵ ਸਿੰਘ
ਅਜੀਤ ਡੈਸਕ
23-01-2026