ਦਸੂਹਾ, 17 ਸਤੰਬਰ (ਭੁੱਲਰ)-ਦਰਸ਼ਨ ਅਕਾਦਮੀ ਸੀ. ਬੀ. ਐੱਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਹਿੰਦੀ ਦਿਵਸ ਉਤਸ਼ਾਹ ਤੇ ਉਮੰਗ ਨਾਲ ਮਨਾਇਆ। ਇਸ ਮੌਕੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀ ਮਹੱਤਤਾ, ਇਸ ਦੇ ਇਤਿਹਾਸ ਤੇ ਭਾਰਤੀ ਸੱਭਿਆਚਾਰ ਵਿਚ ਇਸ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਹਿੰਦੀ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ’ਚ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਕਵਿਤਾ ਪਾਠ, ਭਾਸ਼ਨ, ਕਹਾਣੀ, ਸੁੰਦਰ ਲਿਖਾਈ, ਸਲੋਗਨ ਰਾਈਟਿੰਗ ਅਤੇ ਹਿੰਦੀ ਭਾਸ਼ਾ ਨਾਲ ਸੰਬੰਧਿਤ ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਿੰਦੀ ਦੇ ਸ਼ੁੱਧ ਉਚਾਰਨ, ਵਿਆਕਰਣ ਅਤੇ ਰੋਜ਼ਾਨਾ ਜੀਵਨ ਵਿੱਚ ਹਿੰਦੀ ਦੇ ਸਹੀ ਪ੍ਰਯੋਗ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਰਸਿਕ ਗੁਪਤਾ ਨੇ ਹਿੰਦੀ ਦਿਵਸ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਸ਼ਾ ਸਿਰਫ਼ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਵਿਚਾਰਾਂ ਤੇ ਵਿਰਾਸਤ ਦੀ ਪਹਿਚਾਣ ਵੀ ਹੈ। ਹਿੰਦੀ ਭਾਰਤ ਦੀਆਂ ਪ੍ਰਮੁੱਖ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਇਸ ਦੇ ਸਾਹਿਤ ਨੇ ਭਾਰਤੀ ਸਮਾਜ ਅਤੇ ਸੱਭਿਆਚਾਰ ਨੂੰ ਅਮੀਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਆਪਣੀ ਮਾਤ ਭਾਸ਼ਾ ਤੇ ਹੋਰ ਭਾਰਤੀ ਭਾਸ਼ਾਵਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਹੁਭਾਸ਼ੀ ਗਿਆਨ ਵਿਦਿਆਰਥੀਆਂ ਦੀ ਸੋਚ ਨੂੰ ਵਿਸ਼ਾਲ ਬਣਾਉਂਦਾ ਹੈ ਤੇ ਉਨ੍ਹਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਦਾ ਹੈ। ਇਸ ਮੌਕੇ ਆਰਤੀ ਸ਼ਰਮਾ, ਐਸ਼ਵਾਨੀ, ਮਿਸਿਜ ਮਨਦੀਪ, ਕੰਚਨ, ਗੁਰਦੀਪ, ਨਿਰਮਲਜੀਤ, ਸਮ੍ਰਿਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਧਾ, ਮਨਿੰਦਰ ਕੌਰ, ਅਮਨਦੀਪ ਕੌਰ, ਲਿੱਲੀ, ਸ਼ਰਨਜੀਤ, ਕਾਮਨਾ, ਰਾਜਵਿੰਦਰ, ਨੀਹਾਰਿਕਾ, ਤਜਿੰਦਰ ਆਦਿ ਹਾਜ਼ਰ ਸਨ।