28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰੈੱਡ ਕਰਾਸ ਦਿਵਸ 'ਤੇ ਵਿਸ਼ੇਸ਼- ਬੀ. ਬੀ. ਐਮ. ਬੀ. ਰੈੱਡ ਕਰਾਸ ਸੰਸਥਾ ਤਲਵਾੜਾ ਮਹਿਲਾ ਸਸ਼ਸਤੀਕਰਨ ਦਾ ਬਣ ਰਹੀ ਹੈ ਆਧਾਰ

ਅਜੀਤ ਡੈਸਕ 08-05-2026
ਤਲਵਾੜਾ, 7 ਮਈ (ਐਚ. ਐਸ. ਮਿੱਠੂ)-ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦੀ ਰੈੱਡ ਕਰਾਸ ਸੰਸਥਾ ਮਹਿਲਾਵਾਂ ਦੇ ਸਸ਼ਸਤੀਕਰਨ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ | ਬੀ. ਬੀ. ਐਮ. ਬੀ. ਰੈੱਡ ਕਰਾਸ ਸੰਸਥਾ ਵਲੋਂ ਚਲਾਏ ਜਾ ਰਹੇ ਸਿਲਾਈ ਕਢਾਈ ਕੇਂਦਰ 'ਚ ਮਹਿਲਾਵਾਂ ਜਿੱਥੇ ਆਤਮ ਨਿਰਭਰਤਾ ਦਾ ਹੁਨਰ ਸਿੱਖ ਰਹੀਆਂ ਹਨ ਉਥੇ ਹੀ ਛੋਟੇ ਬੱਚਿਆਂ ਦੀ ਸੰਭਾਲ ਦੀ ਵਿਵਸਥਾ ਕੰਮਕਾਜੀ ਮਹਿਲਾਵਾਂ ਲਈ ਵਰਦਾਨ ਸਿੱਧ ਹੋ ਰਹੀ ਹੈ | ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਦੇ ਮਾਰਗ ਦਰਸ਼ਨ ਵਿਚ ਸੰਸਥਾ ਵਲੋਂ ਉਪਰੋਕਤ ਤੋਂ ਇਲਾਵਾ ਵੀ ਸਮੇਂ-ਸਮੇਂ 'ਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਸਾਲਾਨਾ ਰੈੱਡ ਕਰਾਸ ਮੇਲਾ ਵੀ ਆਯੋਜਿਤ ਕੀਤਾ ਜਾਂਦਾ ਹੈ | ਸੰਸਥਾ ਦੇ ਚੇਅਰਪਰਸਨ ਸੀਮਾ ਗੁਪਤਾ ਦੱਸਦੇ ਹਨ ਕਿ ਬੀ. ਬੀ. ਐਮ. ਬੀ. ਰੈੱਡਕਰਾਸ ਸੰਸਥਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦਿਆਂ ਸਿਲਾਈ ਕਢਾਈ ਕੇਂਦਰ ਚਲਾ ਰਹੀ ਹੈ | ਇਸ ਸਮੇਂ ਇਸ ਵਿਚ 17 ਮਹਿਲਾਵਾਂ ਸਿਲਾਈ ਕਢਾਈ ਸਿੱਖ ਰਹੀਆਂ ਹਨ | ਸਾਲ ਦਾ ਕੋਰਸ ਪੂਰਾ ਕਰਨ 'ਤੇ ਬੀ. ਬੀ. ਐਮ. ਬੀ. ਰੈੱਡ ਕਰਾਸ ਸੰਸਥਾ ਵਲੋਂ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ | ਇਸ ਲਈ ਐਡਮਿਸ਼ਨ ਫ਼ੀਸ 50 ਰੁਪਏ ਤੇ ਮਹੀਨਾਵਾਰ ਫ਼ੀਸ ਸਿਰਫ਼ 100 ਰੁਪਏ ਹੈ | ਸੰਸਥਾ ਦੇ ਸਕੱਤਰ ਡਿੰਪਲ ਆਖਦੇ ਹਨ ਕਿ ਇਸ ਤੋਂ ਇਲਾਵਾ ਸੀਸੂ ਨਿਕੇਤਨ ਵੀ ਚਲਾਇਆ ਜਾ ਰਿਹਾ ਹੈ ਜਿਥੇ 2 ਤੋਂ 3 ਸਾਲ ਦੇ ਛੋਟੇ ਬੱਚਿਆਂ ਦੀ ਦਿਨ ਵੇਲੇ ਸੰਭਾਲ ਕੀਤੀ ਜਾਂਦੀ ਹੈ | ਇਸ ਦੀ ਵੀ ਦਾਖਲਾ ਫ਼ੀਸ 50 ਰੁਪਏ ਹੈ ਜਦ ਕਿ 30 ਹਜ਼ਾਰ ਤੱਕ ਦੀ ਆਮਦਨ ਵਾਲਿਆਂ ਲਈ ਮਹੀਨਾਵਾਰ ਫ਼ੀਸ 250 ਰੁਪਏ ਅਤੇ 30 ਹਜ਼ਾਰ ਤੋਂ ਵੱਧ ਵਾਲਿਆਂ ਲਈ 300 ਰੁਪਏ ਹੈ | ਰੈੱਡ ਕਰਾਸ ਮੈਨੇਜਰ ਨਰਦੇਵ ਸਿੰਘ ਆਖਦੇ ਹਨ ਕਿ ਸੰਸਥਾ ਦੇ ਇਹ ਉਪਰਾਲੇ ਸਮਾਜ ਨੂੰ ਚੰਗੇ ਨਤੀਜੇ ਦੇ ਰਹੇ ਹਨ |
ਕਿਉਂ ਮਨਾਇਆ ਜਾਂਦਾ ਹੈ ਰੈੱਡ ਕਰਾਸ ਦਿਵਸ
ਵਿਸ਼ਵ ਰੈੱਡ ਕਰਾਸ ਦਿਵਸ ਹਰ ਸਾਲ 8 ਮਈ ਨੂੰ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਕਮੇਟੀ ਦੇ ਸੰਸਥਾਪਕ ਜੀਨ ਹੈਨਰੀ ਡਿਊਨੈਂਟ ਦੇ ਜਨਮ ਦਿਨ ਦੀ ਯਾਦ 'ਚ ਮਨਾਇਆ ਜਾਂਦਾ ਹੈ | ਇਸ ਦੀ ਸ਼ੁਰੂਆਤ 1863 ਵਿਚ ਹੋਈ ਸੀ | ਡਿਊਨੈਂਟ ਨੇ ਜੰਗ ਦੇ ਮੈਦਾਨ 'ਚ ਜ਼ਖ਼ਮੀ ਸੈਨਿਕਾਂ ਦੀ ਦੁਰਦਸ਼ਾ ਦੇਖ ਕੇ ਇਸ ਨਿਰਪੱਖ ਸੰਸਥਾ ਦੀ ਨੀਂਹ ਰੱਖੀ ਸੀ | ਇਹ ਦਿਵਸ ਮਾਨਵਤਾ ਦੀ ਸੇਵਾ, ਖ਼ੂਨਦਾਨ ਨੂੰ ਉਤਸ਼ਾਹਿਤ ਕਰਨ ਤੇ ਕੁਦਰਤੀ ਆਫ਼ਤਾਂ ਜਾਂ ਜੰਗ ਦੌਰਾਨ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਦੀ ਜਾਨ ਬਚਾਉਣ ਵਾਲੇ ਵਲੰਟੀਅਰਾਂ ਦੇ ਜਜ਼ਬੇ ਨੂੰ ਸਲਾਮ ਕਰਨ ਲਈ ਮਨਾਇਆ ਜਾਂਦਾ ਹੈ |
ਪਿਛਲੀ ਖ਼ਬਰ ਵਾਰਿਸ ਪੰਜਾਬ ਪਾਰਟੀ ਵਲੋਂ ਪਿੰਡ-ਪਿੰਡ ਪੱਧਰ 'ਤੇ ਭਰਤੀ ਕੀਤੀ ਜਾਵੇਗੀ-ਜ਼ਿਲ੍ਹਾ ਪ੍ਰਧਾਨ ਸੇਖੋਂ ਅਗਲੀ ਖ਼ਬਰ ਪੰਜਾਬਣ ਦੀ ਕੈਨੇਡਾ ਪੁਲਿਸ ਵਿਚ ਹੋਈ ਨਿਯੁਕਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।