ਗੜ੍ਹਸ਼ੰਕਰ, 20 ਅਪ੍ਰੈਲ (ਧਾਲੀਵਾਲ)-ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦਾ ਹੱਲ ਕਰਨ ਤੋਂ ਇਨਕਾਰੀ ਪੰਜਾਬ ਸਰਕਾਰ ਖਿਲਾਫ਼ 'ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ' ਦੀ ਅਗਵਾਈ ਵਿਚ 17 ਮਈ ਨੂੰ ਮੋਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੂਬਾ ਆਗੂ ਸੰਦੀਪ ਸਿੰਘ ਗਿੱਲ, ਮੁਕੇਸ਼ ਗੁਜਰਾਤੀ, ਡੀ.ਟੀ.ਐੱਫ. ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਡਾਨਸੀਵਾਲ, ਬਲਕਾਰ ਸਿੰਘ ਮਘਾਣੀਆਂ, ਸਮੁੰਦਰ ਗੁਪਤ ਨੇ ਦੱਸਿਆ ਕਿ ਪੰਜਾਬ ਦੀ 'ਆਪ' ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਅਪਣਾਈ ਬੇਰੁੱਖੀ ਦਾ ਬਣਦਾ ਜਵਾਬ ਵੱਡੇ ਸੰਘਰਸ਼ਾਂ ਰਾਹੀਂ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਸੂਬਾਈ ਰੈਲੀ ਤੋਂ ਪਹਿਲਾ 23 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਲਾਮਬੰਦੀ ਕਨਵੈੱਨਸ਼ਨ ਕਰਕੇ ਰੋਸ ਮਾਰਚ ਦੇ ਰੂਪ ਵਿਚ ਮੁੱਖ ਮੰਤਰੀ ਵੱਲ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਨਾ ਪੂਰੀਆਂ ਕਰਨ ਵਿਰੁੱਧ 'ਚੇਤਾਵਨੀ ਪੱਤਰ' ਭੇਜਣ ਦੀ ਸਮੁੱਚੀ ਰੂਪ ਰੇਖਾ ਤਿਆਰ ਕੀਤਾ ਜਾਵੇਗਾ | ਇਸ ਤੋਂ ਇਲਾਵਾ ਮਜ਼ਦੂਰ ਦਿਵਸ ਮੌਕੇ 1 ਮਈ 2026 ਨੂੰ ਮੁੱਖ ਮੰਤਰੀ ਨਿਵਾਸੀ ਚੰਡੀਗੜ੍ਹ ਵਿਖੇ ਮਾਸ ਡੈਪੂਟੇਸ਼ਨ ਦੇ ਰੂਪ ਵਿਚ ਪਹੁੰਚ ਕੇ 17 ਮਈ ਦੀ ਸੂਬਾਈ ਰੈਲੀ ਤੇ ਰੋਸ ਮਾਰਚ ਦਾ ਨੋਟਿਸ/ਮੰਗ ਪੱਤਰ ਸੌਂਪਿਆ ਜਾਵੇਗਾ | ਆਗੂਆਂ ਨੇ ਕਿਹਾ ਵੀ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਦੇ ਦਫ਼ਤਰਾਂ-ਸਕੂਲਾਂ ਤੱਕ ਵਿਆਪਕ ਮੁਹਿੰਮ ਬਣਾ ਕੇ 17 ਮਈ ਦੀ ਸੂਬਾਈ ਰੈਲੀ ਤੇ ਮੁੱਖ ਮੰਤਰੀ ਨਿਵਾਸੀ ਚੰਡੀਗੜ੍ਹ ਵੱਲ ਮਾਰਚ ਲਈ ਵੱਡੀ ਲਾਮਬੰਦੀ ਕੀਤੀ ਜਾਵੇਗੀ | ਇਸ ਮੌਕੇ ਵਿਨੇ ਕੁਮਾਰ, ਜਗਦੀਪ ਸਿੰਘ, ਸੰਦੀਪ ਕੁਮਾਰ, ਜਰਨੈਲ ਸਿੰਘ, ਜਸਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |