ਟਾਂਡਾ ਉੜਮੁੜ, 14 ਅਪ੍ਰੈਲ (ਭਗਵਾਨ ਸਿੰਘ ਸੈਣੀ)-ਇਤਿਹਾਸਿਕ ਗੁਰਦੁਆਰਾ ਸ੍ਰੀ ਪੁਲ ਪੁਖ਼ਤਾ ਸਾਹਿਬ ਵਿਖੇ ਵਿਸਾਖੀ ਦਾ ਪਾਵਨ ਦਿਹਾੜਾ ਮਨਾਇਆ ਗਿਆ | ਇਹ ਸਮਾਗਮ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਾਰਨ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਾਬਾ ਸੁੱਖਾ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਪ ਸਿੰਘ ਬੁਰਜ ਦੀ ਦੇਖ-ਰੇਖ ਵਿਚ ਮਨਾਇਆ ਗਿਆ | ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਸਵੇਰੇ ਤੋਂ ਹੀ ਸੰਗਤਾਂ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਚ ਪਹੁੰਚਣ ਲੱਗੀਆਂ | ਗੁਰਦੁਆਰਾ ਸਾਹਿਬ ਦੇ ਖੁੱਲੇ੍ਹ ਦੀਵਾਨ ਹਾਲ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿਚ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਵਲੋਂ ਜਿੱਥੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕਾਂ ਵਲੋਂ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸੰਗਤਾਂ ਨੂੰ ਸਿੱਖੀ ਦੇ ਅਸੂਲਾਂ 'ਤੇ ਚੱਲਣ ਅਤੇ ਗੁਰੂ ਘਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਗੁਰੂ ਕਾ ਲੰਗਰ ਅਟੱਲ ਵਰਤਾਇਆ ਗਿਆ | ਪ੍ਰਬੰਧਕ ਕਮੇਟੀ ਵਲੋਂ ਆਈਆਂ ਸੰਗਤਾਂ ਲਈ ਪੀਣ ਵਾਲੇ ਪਾਣੀ, ਸਫ਼ਾਈ ਤੇ ਹੋਰ ਸਹੂਲਤਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ | ਅੰਤ ਵਿਚ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਦੂਰ-ਦਰਾਜ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਗਈਆਂ | ਗੁਰਦੁਆਰਾ ਸ਼੍ਰੀ ਪੁਲ ਪੁਖ਼ਤਾ ਸਾਹਿਬ ਵਿਖੇ ਮਨਾਇਆ ਗਿਆ ਇਹ ਵਿਸਾਖੀ ਸਮਾਗਮ ਧਾਰਮਿਕ ਭਾਵਨਾ, ਸੇਵਾ ਅਤੇ ਸਿੱਖੀ ਦੀ ਰਵਾਇਤਾਂ ਦੀ ਜੀਵੰਤ ਝਲਕ ਪੇਸ਼ ਕਰਦਾ ਨਜ਼ਰ ਆਇਆ | ਸਮਾਗਮ ਦੌਰਾਨ ਧਾਰਮਿਕ ਰਾਜਨੀਤਿਕ ਤੇ ਸਵੈ ਸੇਵੀ ਸੰਸਥਾਵਾਂ ਦੀਆਂ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ |