ਚੱਬੇਵਾਲ, 1 ਅਪ੍ਰੈਲ (ਰਾਜੀਵ ਭਾਰਦਵਾਜ)-ਚੱਬੇਵਾਲ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਦੋ ਤੋਂ ਤਿੰਨ ਪਿੰਡਾਂ ਦੇ ਕੁੱਝ ਵਿਅਕਤੀਆਂ ਨੇ ਥਾਣਾ ਚੱਬੇਵਾਲ ਦੇ ਸਾਹਮਣੇ ਪੁਲਿਸ ਅਤੇ ਡੀ. ਐੱਸ. ਪੀ. ਚੱਬੇਵਾਲ ਵਲੋਂ ਰਿਸ਼ਵਤ ਲੈ ਕੇ ਵੀ ਮਾਈਨਿੰਗ ਦਾ ਪਰਚਾ ਦਰਜ ਕਰਨ ਅਤੇ ਕਾਬੂ ਕੀਤੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਧਰਨਾ ਦੇ ਰਹੇ ਵਿਅਕਤੀ ਡੀ. ਐੱਸ. ਪੀ. ਖ਼ਿਲਾਫ਼ ਨਾਅਰੇ ਲਗਾ ਰਹੇ ਸਨ ਅਤੇ ਕਹਿ ਰਹੇ ਸਨ ਕਿ ਡੀ.ਐਸ.ਪੀ. ਚੱਬੇਵਾਲ ਪਲਵਿੰਦਰ ਸਿੰਘ ਜਦੋਂ ਤੋਂ ਇੱਥੇ ਤਾਇਨਾਤ ਹੋਇਆ ਹੈ ਉਨ੍ਹਾਂ ਪਾਸੋਂ ਜਬਰੀ ਮਾਈਨਿੰਗ ਕਰਵਾ ਕੇ ਮੋਟੀ ਵਸੂਲੀ ਕਰ ਰਿਹਾ ਹੈ। ਲੋਕਾਂ ਦਾ ਰਵੱਈਆ ਦੇਖ ਕੇ ਥਾਣਾ ਚੱਬੇਵਾਲ ਦੇ ਮੁਲਾਜ਼ਮਾਂ ਨੇ ਤੁਰੰਤ ਥਾਣੇ ਦਾ ਗੇਟ ਬੰਦ ਕਰ ਦਿੱਤਾ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਸ਼ਰਮਾ, ਰਾਜੀਵ ਕੁਮਾਰ, ਸਤੀਸ਼ ਕੁਮਾਰ, ਸੰਜੀਵ ਕੁਮਾਰ, ਬੱਬੂ, ਗਮਪ੍ਰਸ਼ਾਦ, ਗੋਪਾਲ ਸ਼ਰਮਾ, ਸੁਖਦੀਪ, ਬਹਰਬਲ, ਜਤਿੰਦਰ ਕੁਮਾਰ, ਗਗਨਦੀਪ ਸਿੰਘ, ਦੀਨਾ, ਜੋਬਨ, ਲੱਭਾ ਲਹਿਲੀ, ਤੇਜ਼ਾ, ਮਨੀ, ਸੁੱਖਾ, ਚੰਨੀ ਲਹਿਲੀ, ਆਕਾਸ਼ ਆਦਿ ਨੇ ਦੱਸਿਆ ਕਿ ਚੱਬੇਵਾਲ ਹਲਕੇ ਦੇ ਬਹੁਤ ਸਾਰੇ ਇਲਾਕਿਆਂ ਚ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤੇ ਹਰ ਮਹੀਨੇ ਡੀ.ਐੱਸ.ਪੀ. ਪਲਵਿੰਦਰ ਸਿੰਘ ਵੱਲੋਂ ਲੱਖਾਂ ਰੁਪਏ ਦੀ ਰਿਸ਼ਵਤ ਵੀ ਲਈ ਜਾਂਦੀ ਹੈ ਤੇ ਬਾਕਾਇਦਾ ਇਕ ਬੁੱਬੂ ਨਾਮਕ ਵਿਅਕਤੀ ਆਪਣੇ ਹੱਥੀਂ ਡੀ.ਐਸ.ਪੀ. ਵੱਲੋਂ ਭੇਜੇ ਬੰਦਿਆਂ ਨੂੰ ਰਿਸ਼ਵਤ ਫੜ੍ਹਾ ਕੇ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਪਿੰਡ ਬਜਰਾਵਰ ਚ ਪੰਚਾਇਤੀ ਜ਼ਮੀਨ ਚੋਂ ਰਾਜੀਵ ਕੁਮਾਰ ਵਲੋਂ ਕੰਮ ਕੀਤਾ ਜਾ ਰਿਹਾ ਸੀ ਤੇ ਇਸ ਦੌਰਾਨ ਉੱਥੇ ਡੀ.ਐੱਸ.ਪੀ. ਪਲਵਿੰਦਰ ਸਿੰਘ ਮੌਕੇ 'ਤੇ ਪਹੁੰਚ ਗਿਆ ਤੇ ਮੁਲਾਜ਼ਮਾਂ ਤੋਂ ਰਾਜੀਵ ਕੁਮਾਰ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਵਾਈ ਤੇ ਉਸ ਦੇ ਸਿਰ 'ਚ ਵੀ ਡੰਡਿਆਂ ਨਾਲ ਵਾਰ ਕਰਕੇ ਲਹੂ-ਲੁਹਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਪਾਸੇ ਤਾਂ ਡੀ.ਐੱਸ.ਪੀ. ਵਲੋਂ ਰਿਸ਼ਵਤਾਂ ਵੀ ਹਰ ਮਹੀਨੇ ਲਈਆਂ ਜਾਂਦੀਆਂ ਹਨ ਤੇ ਦੂਜੇ ਪਾਸੇ ਮੁੰਡਿਆਂ ਨਾਲ ਬੇਮਤਲਬ ਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਡੀ.ਅੱੈਸ.ਪੀ. ਪਲਵਿੰਦਰ ਸਿੰਘ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਇਸ ਸੰਬੰਧ ਵਿਚ ਡੀ. ਐੱਸ.ਪੀ. ਪਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਵਿਭਾਗ ਦੇ ਜੇ. ਈ. ਵਲੋਂ ਕਹਿਣ ਤੇ ਉੱਥੇ ਪੁਲਿਸ ਗਈ ਸੀ ਅਤੇ ਨੌਜਵਾਨ ਦੀ ਕੁੱਟਮਾਰ ਬਾਰੇ ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਵਿੱਚ ਫਸ ਕੇ ਡਿੱਗਣ ਨਾਲ ਉਸੇ ਸੱਟ ਲੱਗੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਸਬੰਧ 'ਚ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਪੀੜਤ ਵਿਅਕਤੀ ਲਿਖਤੀ ਸ਼ਿਕਾਇਤ ਕਰਨ ਅਤੇ ਉਹ ਆਪਣੇ ਪੱਧਰ ਤੇ ਪੜਤਾਲ ਕਰਨਗੇ। ਨੌਜਵਾਨ ਦੀ ਕੁੱਟ ਮਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਵੀ ਪੜਤਾਲ ਕੀਤੀ ਜਾਵੇਗੀ। ਚੱਬੇਵਾਲ ਪੁਲਿਸ ਨੇ ਦੇ ਟਰੈਕਟਰ ਅਤੇ ਇਕ ਟਰਾਲੀ, ਇਕ ਬਾਕਟ ਕਬਜ਼ੇ ਵਿਚ ਲੈ ਕੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਡੀ. ਐੱਸ. ਪੀ. ਚੱਬੇਵਾਲ ਦੇ ਖ਼ਿਲਾਫ਼ ਥਾਣੇ ਸਾਹਮਣੇ ਨਾਅਰੇਬਾਜ਼ੀ, ਲੋਕਾਂ ਨੇ ਲਗਾਏ ਰਿਸ਼ਵਤ ਲੈਣ ਦੇ ਦੋਸ਼
ਅਜੀਤ ਡੈਸਕ
02-04-2026