ਦਸੂਹਾ, 1 ਅਪ੍ਰੈਲ (ਭੁੱਲਰ)-ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਨਿੱਘੀ ਪਿਆਰੀ ਯਾਦ ਨੂੰ ਤਾਜ਼ਾ ਰੱਖਣ ਦੀਆਂ ਕੋਸ਼ਿਸ਼ਾਂ ਵਜੋਂ ਸਾਹਿੱਤਿਕ, ਪਰਵਾਰਿਕ ਤੇ ਸੱਭਿਆਚਾਰਕ ਪ੍ਰੇਮੀਆਂ ਵਲੋਂ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿੱਤਿਕ ਮੰਚ (ਰਜਿ.) ਪੰਜਾਬ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਪ੍ਰਮੁੱਖ ਉਦੇਸ਼ ਕਹਾਣੀਕਾਰ ਲਾਲ ਸਿੰਘ ਦੀਆਂ ਲਿਖਤਾਂ, ਸੋਚ ਅਤੇ ਵਿਰਾਸਤ ਨੂੰ ਸਾਂਭਣ ਦੇ ਨਾਲ-ਨਾਲ ਦੁਆਬੇ ਇਲਾਕੇ ਦਾ ਉੱਭਰ ਰਹੇ ਲੇਖਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਦੁਆਬੇ ਦੀ ਸਾਹਿੱਤਿਕ ਧਰਾਰਤ ਦਾ ਆਧਾਰ ਹੋਰ ਮਜ਼ਬੂਤ ਅਤੇ ਵਿਸ਼ਾਲ ਕਰਨਾ ਹੈ | ਇਸ ਮੌਕੇ ਸਰਬਸੰਮਤੀ ਨਾਲ ਸੁਖਪਾਲ ਵੀਰ ਸਿੰਘ ਕੈਨੇਡਾ ਨੂੰ ਚੇਅਰਮੈਨ, ਅਮਰਜੀਤ ਸਿੰਘ ਨੂੰ ਪ੍ਰਧਾਨ, ਜਗਜੀਤ ਸਿੰਘ ਅਤੇ ਜਸਵੀਰ ਸਿੰਘ ਵਿਰਦੀ ਨੂੰ ਸੀਨੀਅਰ ਵਾਇਸ-ਪ੍ਰਧਾਨ, ਕੁਲਵੰਤ ਕੌਰ ਨੂੰ ਜਨਰਲ ਸਕੱਤਰ, ਅਸ਼ੋਕ ਕੁਮਾਰ ਨੂੰ ਮੀਤ ਸਕੱਤਰ, ਰਸਮੀਤ ਕੁਮਾਰ ਨੂੰ ਵਿੱਤ ਸਕੱਤਰ, ਨਿਰਵੈਰ ਸਿੰਘ ਨੂੰ ਪ੍ਰਚਾਰ ਸਕੱਤਰ ਅਤੇ ਗੁਰਪ੍ਰੀਤ ਸਿੰਘ ਨੂੰ ਦਫ਼ਤਰੀ ਸਕੱਤਰ ਬਣਾਇਆ ਗਿਆ ਹੈ | ਇਸ ਮੰਚ ਦਾ ਓਵਰਸੀਜ਼ ਦਫ਼ਤਰ ਕੈਲਗਰੀ, ਅਲਬਰਟਾ (ਕੈਨੇਡਾ) ਤੇ ਪੰਜਾਬ ਲਈ ਦਫ਼ਤਰ ਨਿਹਾਲਪੁਰ, ਦਸੂਹਾ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸਥਾਪਤ ਕੀਤਾ ਗਿਆ ਹੈ | ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਸੁਖਪਾਲ ਵੀਰ ਸਿੰਘ ਕੈਨੇਡਾ, ਪ੍ਰਧਾਨ ਅਮਰਜੀਤ ਸਿੰਘ, ਸੀਨੀਅਰ ਵਾਇਸ ਪ੍ਰਧਾਨ ਜਗਜੀਤ ਸਿੰਘ ਅਤੇ ਜਸਵੀਰ ਸਿੰਘ ਵਿਰਦੀ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਯਾਦਗਾਰੀ ਸਾਹਿੱਤਿਕ ਮੰਚ ਜਿੱਥੇ ਕਹਾਣੀਕਾਰ ਲਾਲ ਸਿੰਘ ਦੀ ਸੋਚ ਦਾ ਪ੍ਰਚਾਰ-ਪਰਸਾਰ ਕਰੇਗਾ, ਓਥੇ ਨਾਲ ਹੀ ਮੁੱਖ ਤੌਰ 'ਤੇ ਭਾਸ਼ਾ ਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਤੇ ਸਭਿਆਚਾਰਕ ਸਮਾਗਮਾਂ ਦਾ ਆਯੋਜਨ ਕਰੇਗਾ | ਇਸ ਮੰਚ ਦੀ ਸਥਾਪਤੀ ਨਾਲ ਪੰਜਾਬ ਭਰ ਖ਼ਾਸ ਕਰਕੇ ਦੁਆਬੇ ਇਲਾਕੇ ਦੇ ਸਾਰੇ ਸਾਹਿੱਤਿਕ ਪ੍ਰੇਮੀਆਂ ਨੂੰ ਖ਼ੁਸ਼ੀ ਦੀ ਲਹਿਰ ਦੇਖ ਜਾ ਰਹੀ ਹੈ |