ਹੁਸ਼ਿਆਰਪੁਰ, 1 ਅਪ੍ਰੈਲ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਦੇ ਅਕਾਦਮਿਕ ਸੈਸ਼ਨ 2026-27 ਲਈ 'ਐਡਵਾਂਸ ਡੇ' ਮੌਕੇ ਸਕੂਲ ਦੇ ਵਿਹੜੇ 'ਚ ਗਿਆਨ ਦੀ ਦਾਤਾ ਦੇਵੀ ਸਰਸਵਤੀ ਦੇ ਬ੍ਰਹਮ ਅਸ਼ੀਰਵਾਦ ਹੇਠ ਉਤਸ਼ਾਹਜਨਕ ਢੰਗ ਨਾਲ ਸ਼ੁਰੂ ਹੋਇਆ | ਨਵੇਂ ਅਕਾਦਮਿਕ ਸੈਸ਼ਨ (2026-27) ਦਾ ਉਦਘਾਟਨ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਇਕ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਨਾਲ ਕੀਤਾ ਗਿਆ | ਇਸ ਸਮਾਗਮ ਦੀ ਸ਼ੁਰੂਆਤ ਦੇਵੀ ਸਰਸਵਤੀ ਨੂੰ ਸਮਰਪਿਤ ਇੱਕ ਰੂਹਾਨੀ ਵੰਦਨਾ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੀਆਂ ਸਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ | ਇਸ ਮੌਕੇ ਸਕੂਲ ਦੀ ਚੇਅਰਪਰਸਨ, ਤਰਲੋਚਨ ਕੌਰ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਰਸਮੀ ਦੀਵਾ ਜਗਾਇਆ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਕੂਲ ਦੇ ਸਮੁੱਚੇ ਸਟਾਫ਼ ਨੂੰ ਆਪਣੇ ਅਸ਼ੀਰਵਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੀ ਪਿ੍ੰਸੀਪਲ ਪੂਜਾ ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹਮੇਸ਼ਾ ਸਕੂਲ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ ਅਤੇ ਸੰਸਥਾ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਰਹੀ ਹੈ | ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਸਾਰਿਆਂ 'ਤੇ ਦੇਵੀ ਸਰਸਵਤੀ ਤੋਂ ਅਸ਼ੀਰਵਾਦ ਦੀ ਕਾਮਨਾ ਕੀਤੀ | ਇਸ ਮੌਕੇ ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨਵੀਆਂ ਕਲਾਸਾਂ 'ਚ ਤਰੱਕੀ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਵੁੱਡਲੈਂਡ ਓਵਰਸੀਜ਼ ਸਕੂਲ ਹਮੇਸ਼ਾ ਬਦਲਦੇ ਸਮੇਂ ਦੀਆਂ ਮੰਗਾਂ ਨੂੰ ਸਮਝਦਾ ਰਿਹਾ ਹੈ, ਆਪਣੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਅਪਡੇਟ ਕਰਦਾ ਰਿਹਾ ਹੈ ਅਤੇ ਸੰਸਥਾ ਨੂੰ ਨਵੀਨਤਮ ਸਹੂਲਤਾਂ ਤੇ ਤਕਨਾਲੋਜੀਆਂ ਨਾਲ ਲੈਸ ਕਰਦਾ ਰਿਹਾ ਹੈ | ਇਹੀ ਕਾਰਨ ਹੈ ਕਿ ਸਕੂਲ ਦੇ ਵਿਦਿਆਰਥੀ ਸੰਸਥਾ ਦੇ ਨਾਮ ਨੂੰ ਅਕਾਦਮਿਕ ਖੇਤਰ ਦੇ ਨਾਲ ਨਾਲ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਚਮਕਾ ਰਹੇ ਹਨ, ਜਿਸਦੇ ਚੱਲਦਿਆਂ ਵੁੱਡਲੈਂਡ ਸਕੂਲ ਨੇ ਜ਼ਿਲ੍ਹੇ ਦੇ ਅੰਦਰ ਇਕ ਵੱਖਰੀ ਪਛਾਣ ਬਣਾਈ ਹੈ |