ਹੁਸ਼ਿਆਰਪੁਰ, 1 ਅਪ੍ਰੈਲ (ਬਲਜਿੰਦਰਪਾਲ ਸਿੰਘ)-ਬੀਤੇ ਦਿਨ ਹਲਕਾ ਗੜ੍ਹਸ਼ੰਕਰ 'ਚ ਪੈਂਦੇ ਪਿੰਡ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਏ ਜਾਣ ਵਾਲੀ ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਬਣ ਗਿਆ ਹੈ, ਜਿਸਦੇ ਚੱਲਦਿਆਂ ਇਲਾਕਾ ਵਾਸੀ ਬੇਹੱਦ ਚਿੰਤਤ ਹਨ | ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਵੱਲੋਂ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਫ਼ਤਾਰ ਕਰਨ ਲਈ ਵਿਸ਼ੇਸ਼ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ | ਇਸ ਐਸ.ਆਈ.ਟੀ. ਦੀ ਅਗਵਾਈ ਐਸ.ਪੀ. (ਜਾਂਚ) ਵੱਲੋਂ ਕੀਤੀ ਜਾਵੇਗੀ ਜਦਕਿ ਡੀ.ਐੱਸ.ਪੀ. ਗੜ੍ਹਸ਼ੰਕਰ ਦਲਜੀਤ ਸਿੰਘ ਖੱਖ, ਐੱਸ.ਐੱਚ.ਓ. ਮਾਹਿਲਪੁਰ ਅਤੇ ਸੀ.ਆਈ.ਏ. ਇੰਚਾਰਜ ਵੀ ਟੀਮ 'ਚ ਸ਼ਾਮਲ ਹੋਣਗੇ | ਪੁਲਿਸ ਸੂਤਰਾਂ ਅਨੁਸਾਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਮੋਬਾਈਲ ਲੋਕੇਸ਼ਨ ਅਤੇ ਆਸ ਪਾਸ ਦੇ ਖੇਤਰਾਂ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਦੇਖਿਆ ਜਾ ਰਿਹਾ ਹੈ | ਇਸ ਸੰਬੰਧੀ ਡੀ.ਐਸ.ਪੀ. ਖੱਖ ਨੇ ਦੱਸਿਆ ਕਿ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਤਕਨੀਕੀ ਰੂਪ ਨਾਲ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਚੱਲਦਿਆਂ ਇਲਾਕੇ 'ਚ ਮਾਹੌਲ ਖ਼ਰਾਬ ਨਾ ਹੋਵੇ ਇਸ ਪੁਲਿਸ ਵੱਲੋਂ ਸਥਿਤੀ 'ਚ ਤਿੱਖੀ ਨਜ਼ਰ ਰੱਖੀ ਹੋਈ ਹੈ | ਫ਼ਿਲਹਾਲ ਇਸ ਮਾਮਲੇ 'ਚ ਕੋਈ ਵੀ ਗਿ੍ਫ਼ਤਾਰੀ ਨਹੀਂ ਹੋਈ ਹੈ | ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਬਿਸਤ ਦੁਆਬ ਨਹਿਰ 'ਤੇ ਪੈਂਦੇ ਪਿੰਡ ਨੂਰਪੁਰ ਜੱਟਾਂ ਵਿਖੇ ਪਿੰਡ ਤੋਂ ਬਾਹਰ ਨਹਿਰ ਕਿਨਾਰੇ ਬਣਾਏ ਡਾ. ਭੀਮ ਰਾਓ ਅੰਬੇਦਕਰ ਦੇ ਬੱੁਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਬੁੱਤ ਦੇ ਦੁਆਲੇ ਲਗਾਏ ਸ਼ੀਸ਼ੇ ਦੇ ਇਕ ਹਿੱਸੇ ਨੂੰ ਤੋੜ ਦਿੱਤਾ ਗਿਆ ਸੀ, ਜਿਸਦੀ ਜ਼ਿੰਮੇਵਾਰੀ ਵਿਦੇਸ਼ ਰਹਿੰਦੇ ਖਾਲਸਤਾਨੀ ਪੱਖੀ ਗੁਰਪਤਵੰਤ ਸਿੰਘ ਪਨੂੰ ਵੱਲੋਂ ਲਈ ਗਈ ਸੀ ਅਤੇ ਇਸ ਨੂੰ ਰਿਫਰੈਡਮ ਦਾ ਹਿੱਸਾ ਦੱਸਿਆ ਗਿਆ ਸੀ | ਉਨ੍ਹਾਂ ਵੀਡੀਓ ਰਾਹੀਂ 14 ਤੋਂ 28 ਅਪ੍ਰੈਲ ਤੱਕ ਅਜਿਹੀਆਂ ਹੋਰ ਘਟਨਾਵਾਂ ਨੂੰ ਅੰਜਾਮ ਦੇਣ ਦੀ ਗੱਲ ਕੀਤੀ ਸੀ, ਜਿਸਦੇ ਚੱਲਦਿਆਂ ਇਹ ਮਾਮਲਾ ਹੋਰ ਵੀ ਗੰਭੀਰ ਬਣਿਆ ਹੋਇਆ ਹੈ |