ਅੱਡਾ ਸਰਾਂ, 1 ਮਾਰਚ (ਹਰਜਿੰਦਰ ਸਿੰਘ ਮਸੀਤੀ)-ਮਾਰਕੀਟ ਕਮੇਟੀ ਟਾਂਡਾ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿਚ ਅਜੇ ਤੱਕ ਵੀ ਪੱਕੇ ਸ਼ੈੱਡਾਂ ਦੀ ਲੋੜ ਪੂਰੀ ਨਹੀਂ ਹੋ ਸਕੀ | ਖ਼ਾਸ ਕਰਕੇ ਆਉਣ ਵਾਲੀ ਕਣਕ ਖ਼ਰੀਦ ਸੀਜ਼ਨ ਨੂੰ ਦੇਖਦੇ ਹੋਏ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਕਿਸਾਨਾਂ ਵੱਲੋਂ ਸ਼ੈੱਡਾਂ ਨੂੰ ਬਣਾਉਣ ਤੇ ਹੋਰ ਸਹੂਲਤਾਂ ਬਾਰੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਅਜੇ ਤੱਕ ਕੋਈ ਬੂਰ ਨਹੀਂ ਪਿਆ | ਸਰਕਾਰ ਦਰ ਸਰਕਾਰ ਬਦਲਣ ਤੋਂ ਬਾਅਦ ਵੀ ਹਾਲਤ ਮੌਜੂਦਾ ਸਰਕਾਰ ਵੇਲੇ ਜਿਉਂ ਦੇ ਤਿਉਂ ਹਨ | ਕਿਸਾਨਾਂ ਸਤਪਾਲ ਸਿੰਘ ਮਿਰਜ਼ਾਪੁਰ, ਪਿ੍ਤਪਾਲ ਸਿੰਘ ਗੁਰਾਇਆ ਦਾ ਕਹਿਣਾ ਹੈ ਕਿ ਇਹ ਪਰਚੇਜ ਸੈਂਟਰਾਂ ਵਿਚ ਵੀ ਝੋਨੇ ਕਣਕ ਦੇ ਸੀਜ਼ਨ ਦੌਰਾਨ ਵੱਡੇ ਪੱਧਰ ਤੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਹੁੰਦੀ ਹੈ ਅਤੇ ਵੱਡੀ ਗਿਣਤੀ ਵਿਚ ਕਿਸਾਨ ਮੁੱਖ ਟਾਂਡਾ ਅਨਾਜ ਮੰਡੀ ਦੇ ਨਾਲ ਨਾਲ ਇਨ੍ਹਾਂ ਪਰਚੇਜ ਸੈਂਟਰਾਂ ਕੰਧਾਲਾ ਜੱਟਾਂ, ਘੋੜਾਵਾਹਾ, ਕੰਧਾਲਾ ਸ਼ੇਖ਼ਾਂ, ਖੋਖਰ, ਨੱਥੂ ਪੁਰ,ਸੀਕਰੀ ਆਦਿ ਵਿਚ ਫ਼ਸਲਾਂ ਲੈ ਕੇ ਆਉਂਦੇ ਹਨ | ਇਸਦੇ ਬਾਵਜੂਦ ਸ਼ੈੱਡਾਂ ਨਹੀਂ ਹਨ | ਮੰਡੀਆਂ ਵਿਚ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਪੱਕੇ ਅਤੇ ਵਿਸ਼ਾਲ ਸੈਂਡ ਬਹੁਤ ਜ਼ਰੂਰੀ ਹਨ, ਪਰ ਕਈ ਖ਼ਰੀਦ ਕੇਂਦਰਾਂ ਵਿਚ ਅਜੇ ਵੀ ਅਸਥਾਈ ਪ੍ਰਬੰਧਾਂ 'ਤੇ ਨਿਰਭਰ ਕੀਤਾ ਜਾ ਰਿਹਾ ਹੈ | ਮੀਂਹ ਜਾਂ ਅਚਾਨਕ ਮੌਸਮੀ ਤਬਦੀਲੀਆਂ ਕਾਰਨ ਅਨਾਜ ਭਿੱਜਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੇਲਣਾ ਪੈਂਦਾ ਹੈ | ਇਸ ਤੋਂ ਇਲਾਵਾ, ਧੁੱਪ ਅਤੇ ਤੇਜ਼ ਗਰਮੀ ਵਿਚ ਮਜ਼ਦੂਰਾਂ ਲਈ ਕੰਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ | ਖੁੱਲ੍ਹੇ ਆਕਾਸ਼ ਹੇਠ ਲੰਮੇ ਸਮੇਂ ਤੱਕ ਬੈਠਣਾ ਅਤੇ ਅਨਾਜ ਦੀ ਛਾਂਟ-ਛਾਣ ਕਰਨਾ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ | ਆੜ੍ਹਤੀਆਂ ਨੇ ਵੀ ਦੱਸਿਆ ਕਿ ਜੇ ਸ਼ੈੱਡਾਂ ਦੀ ਵਧੀਆ ਸੁਵਿਧਾ ਹੋਵੇ ਤਾਂ ਲੋਡਿੰਗ, ਅਨਲੋਡਿੰਗ ਅਤੇ ਸਟੋਰੇਜ ਦੀ ਪ੍ਰਕਿਰਿਆ ਹੋਰ ਸੁਚੱਜੀ ਤਰ੍ਹਾਂ ਹੋ ਸਕਦੀ ਹੈ | ਸਥਾਨਕ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਵਿਭਾਗ ਤੁਰੰਤ ਸਰਵੇ ਕਰਕੇ ਜਿੱਥੇ ਸ਼ੈੱਡਾਂ ਦੀ ਘਾਟ ਹੈ ਉੱਥੇ ਪੱਕੇ ਢਾਂਚੇ ਤਿਆਰ ਕਰਵਾਏ ਜਾਣ | ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਖ਼ਰੀਦ ਪ੍ਰਬੰਧਾਂ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਵਿਚ ਮੂਲ ਭੂਤ ਢਾਂਚਾਗਤ ਸੁਵਿਧਾਵਾਂ ਅਜੇ ਵੀ ਅਧੂਰੀਆਂ ਹਨ | ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਖ਼ਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਵਿਚ ਸ਼ੈੱਡਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਇਸ ਮਸਲੇ ਨੂੰ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਸੰਘਰਸ਼ ਕਰਨਗੇ |