ਅੱਡਾ ਸਰਾਂ , 1 ਮਾਰਚ (ਹਰਜਿੰਦਰ ਸਿੰਘ ਮਸੀਤੀ)-ਪਿੰਡ ਝਾਂਵਾ ਵਿਖੇ ਸਥਿਤ ਗੁਰਦੁਆਰਾ ਹਰਸਰ ਸਾਹਿਬ ਵਿਚ ਬਾਬਾ ਸੋਹਣ ਸਿੰਘ ਸਮਰਪਿਤ ਕਰਵਾਏ ਧਾਰਮਿਕ ਸਮਾਗਮ ਦੌਰਾਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਨਾਲ ਹੋਈ, ਜਿਸ ਵਿਚ ਰਾਗੀ ਜਥਿਆਂ ਵਲੋਂ ਗੁਰਬਾਣੀ ਦਾ ਰਸਭਰਿਆ ਕੀਰਤਨ ਕੀਤਾ ਗਿਆ | ਇਸ ਉਪਰੰਤ ਵਾਤਾਵਰਨ ਸੰਭਾਲ ਅਤੇ ਸਿਹਤ ਜਾਗਰੂਕਤਾ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਡਾ. ਕੇਵਲ ਸਿੰਘ ਕਾਜਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਾਤਾਵਰਨ ਪ੍ਰਦੂਸ਼ਣ ਕਾਰਨ ਅੱਜ ਕਈ ਗੰਭੀਰ ਬਿਮਾਰੀਆਂ ਵੱਧ ਰਹੀਆਂ ਹਨ | ਉਨ੍ਹਾਂ ਨੇ ਹਵਾ ਅਤੇ ਪਾਣੀ ਦੀ ਗੁਣਵੱਤਾ ਘਟਣ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੇ ਅਸੀਂ ਸਮੇਂ ਸਿਰ ਸਚੇਤ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਨਾ ਮੁਸ਼ਕਲ ਹੋ ਜਾਵੇਗਾ | ਡਾ. ਲਵਪ੍ਰੀਤ ਸਿੰਘ ਪਾਬਲਾ ਨੇ ਕਿਹਾ ਕਿ ਮਨੁੱਖੀ ਸਿਹਤ ਸਿੱਧੇ ਤੌਰ 'ਤੇ ਵਾਤਾਵਰਨ ਨਾਲ ਜੁੜੀ ਹੋਈ ਹੈ | ਕਿਸਾਨ ਆਗੂ ਦਿਲਬਾਗ ਸਿੰਘ ਸਾਹਿਬਾਜਪੁਰ ਨੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਧਰਮ ਸਾਨੂੰ ਪ੍ਰਕਿਰਤੀ ਨਾਲ ਸਹਿਜ ਜੀਵਨ ਜਿਊਣ ਦੀ ਪੇ੍ਰਰਨਾ ਦਿੰਦਾ ਹੈ | ਸਮਾਗਮ ਦੇ ਅੰਤ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਮੱਖਣ ਸਿੰਘ, ਹੈੱਡ ਗ੍ਰੰਥੀ ਨਰਿੰਦਰ ਸਿੰਘ, ਪ੍ਰਧਾਨ ਹਰਦੀਪ ਸਿੰਘ, ਰਣਜੀਤ ਸਿੰਘ, ਜਤਿੰਦਰ ਸਿੰਘ ਝਾਵਰ, ਸੁਰਿੰਦਰ ਸਿੰਘ, ਪ੍ਰਵਾਸੀ ਪੰਜਾਬੀ ਸੋਨੀ ਝਾਵਰ, ਹਰਜੀਤ ਸਿੰਘ, ਸੰਦੀਪ ਸਿੰਘ, ਗਿਆਨੀ ਜਗਜੀਤ ਸਿੰਘ, ਕੋਚ ਤਰਲੋਕ ਸਿੰਘ, ਬਲਜੀਤ ਸਿੰਘ ਤੇ ਹੋਰ ਮੌਜੂਦ ਸਨ |