ਹੁਸ਼ਿਆਰਪੁਰ, 1 ਮਾਰਚ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਚੋਰਾਂ ਵਲੋਂ ਪਿੰਡ ਬੱਡਲਾ ਤੋਂ ਰਾਜਪੁਰ ਭਾਈਆਂ ਮਾਰਗ 'ਤੇ ਬਣੇ ਇਕ ਡੇਰੇ 'ਚੋਂ ਕੰਧ ਪਾੜ ਕੇ ਦੋ ਦੁਧਾਰੂ ਮੱਝਾਂ ਚੋਰੀ ਕਰ ਲਈਆਂ ਗਈਆਂ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਤੇ ਜਗਤਾਰ ਸਿੰਘ ਪੁੱਤਰਾਨ ਸਵ. ਜਗੀਰ ਸਿੰਘ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਜਗਤਾਰ ਸਿੰਘ ਖੇਤੀਵਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਪਸ਼ੂ ਪਾਲਣ ਦਾ ਕੰਮ ਵੀ ਕਰਦੇ ਹਨ | ਰੋਜ਼ਾਨਾਂ ਦੀ ਤਰ੍ਹਾਂ ਉਸਦਾ ਭਰਾ ਮੱਝਾਂ ਨੂੰ ਅੰਦਰ ਬੰਨ ਕੇ ਘਰ ਵਾਪਸ ਚਲਾ ਗਿਆ | ਉਸਨੇ ਦੱਸਿਆ ਕਿ ਜਦੋੋਂ ਉਸਨੇ ਤੜਕੇ ਕਰੀਬ 3 ਵਜੇ ਆ ਕੇ ਦੇਖਿਆ ਤਾਂ ਉਸਨੂੰ ਬਾੜੇ ਦੀ ਕੰਧ ਡਿੱਗੀ ਹੋਈ ਮਲੁਮ ਹੋਈ, ਜਿਸ ਤੋਂ ਬਾਅਦ ਸ਼ੱਕ ਪੈਣ 'ਤੇ ਜਦੋਂ ਉਸਨੇ ਅੰਦਰ ਆ ਕੇ ਦੇਖਿਆ ਤਾਂ ਚੋਰ 2 ਮੱਝਾਂ ਚੋਰੀ ਕਰਕੇ ਲਿਜਾ ਚੁੱਕੇ ਸਨ | ਉਸਨੇ ਦੱਸਿਆ ਕਿ ਇਸ ਤੋਂ ਉਨ੍ਹਾਂ ਮੱਝਾਂ ਦੀ ਕਾਫ਼ੀ ਭਾਲ ਕੀਤੀ ਪਰ ਕਿਧਰੇ ਵੀ ਕੋਈ ਪਤਾ ਨਹੀਂ ਲੱਗਿਆ | ਇਸ ਚੋਰੀ ਨਾਲ ਜਗਤਾਰ ਸਿੰਘ ਦਾ ਕਰੀਬ 2 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ | ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵਲੋਂ ਇਲਾਕੇ 'ਚ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇ ਤਾਂ ਜੋ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਹੋਰ ਬੁਲੰਦ ਨਾ ਹੋ ਸਕਣ | ਇਸ ਮੌਕੇ ਉਨ੍ਹਾਂ ਸਰਕਾਰ ਤੋਂ ਪੀੜਤ ਕਿਸਾਨ ਲਈ ਮੁਆਵਜੇ ਦੀ ਮੰਗ ਕੀਤੀ |