ਮਾਹਿਲਪੁਰ ਦੇ ਇਲਾਕੇ 'ਚ ਲਾਵਾਰਸ ਕੁੱਤਿਆਂ ਦੀ ਦਹਿਸ਼ਤ ਨੇ ਲੋਕਾਂ ਦੇ ਸਾਹ ਸੂਤੇ, ਪ੍ਰਸ਼ਾਸਨ ਬੇਖ਼ਬਰ
ਅਜੀਤ ਡੈਸਕ
20-02-2026
ਮਾਹਿਲਪੁਰ, 19 ਫਰਵਰੀ- ਕਸਬਾ ਮਾਹਿਲਪੁਰ ਸਮੇਤ ਵੱਖ-ਵੱਖ ਪਿੰਡਾਂ 'ਚ ਦਿਨ-ਬ-ਦਿਨ ਲਾਵਾਰਸ ਕੁੱਤਿਆਂ ਦਾ ਬੇਤਹਾਸ਼ਾ ਵਾਧਾ ਮਨੁੱਖੀ ਜਾਨਾਂ ਦਾ ਖੌਅ ਬਣ ਗਿਆ ਹੈ | ਕਸਬਾ ਮਾਹਿਲਪੁਰ ਸ਼ਹਿਰ ਖ਼ਾਕਸਾਰ ਪਿੰਡਾਂ ਦੇ ਹਰ ਗਲੀ-ਮੋੜ, ਮੁਹੱਲੇ ਅਤੇ ਸੜਕਾਂ 'ਤੇ ਜਾਂ ਗੰਦਗੀ ਦੇ ਢੇਰਾਂ 'ਤੇ ਆਮ ਘੰੁਮਦੇ ਫਿਰਦੇ ਦੇਖੇ ਜਾ ਸਕਦੇ ਹਨ ਅਤੇ ਇਨ੍ਹਾਂ ਲਾਵਾਰਸ ਕੁੱਤਿਆ ਦੇ ਝੁੰਡਾਂ ਵਲੋਂ ਵੱਢਣ ਨਾਲ ਅਤੇ ਵਾਹਨਾਂ ਅੱਗੇ ਆ ਕੇ ਵਾਪਰ ਰਹੇ ਹਾਦਸੇ ਕਾਰਨ ਨਿੱਤ ਨਵੇਂ ਦਿਨ ਲੋਕਾਂ ਦੇ ਗੰਭੀਰ ਜ਼ਖ਼ਮੀ ਹੋਣ ਨਾਲ ਜਾਂ ਉਨ੍ਹਾਂ ਦੇ ਮਾਰੇ ਜਾਣ ਦੀਆਂ ਰੋਜ਼ਾਨਾ ਅਖ਼ਬਾਰਾਂ, ਟੀ. ਵੀ. ਚੈਨਲ ਜਾਂ ਸੋਸ਼ਲ ਮੀਡੀਆ 'ਤੇ ਆਮ ਦੇਖੀਆਂ ਜਾ ਸਕਦੀਆਂ ਹਨ | ਮਾਹਿਲਪੁਰ ਸ਼ਹਿਰ ਸਮੇਤ ਆਸ ਪਾਸ ਪਿੰਡਾਂ 'ਚ ਦਿਨੋ-ਦਿਨ ਲਾਵਾਰਸ ਕੁੱਤਿਆਂ ਦੇ ਝੁੰਡਾਂ ਵਲੋਂ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਕਾਰਨ ਲੋਕਾਂ ਦੇ ਮਨਾ ਵਿਚ ਏਨਾ ਖ਼ੌਫ਼ ਵੱਧ ਗਿਆ ਕਿ ਉਹ ਦਹਿਸ਼ਤ ਦੇ ਸਾਏ ਹੇਠ ਜੀਵਨ ਬਤੀਤ ਕਰ ਰਹੇ ਹਨ | ਦਿਨੋ-ਦਿਨ ਮਾਹਿਲਪੁਰ ਦੇ ਸਰਕਾਰੀ ਹਸਪਤਾਲਾਂ 'ਚ ਲਾਵਾਰਸ ਕੁੱਤਿਆਂ ਦੇ ਵਲੋਂ ਜ਼ਖ਼ਮੀ ਕੀਤੇ ਲੋਕਾਂ ਦੀ ਵੱਧ ਰਹੀ ਗਿਣਤੀ ਸਾਲ 2025-26 ਦੌਰਾਨ 1500 ਦੇ ਕਰੀਬ ਤੱਕ ਪਹੁੰਚ ਗਈ ਜਿਸ ਕਾਰਨ ਲੋਕੀ ਰਾਤ ਨੂੰ ਤਾਂ ਕੀ ਦਿਨ ਵੇਲੇ ਘਰੋਂ ਬਾਹਰ ਨੂੰ ਜਾਣ ਤੋਂ ਘਬਰਾ ਰਹੇ ਹਨ | ਕੁੱਤਿਆ ਦੇ ਖ਼ੌਫ਼ ਕਾਰਨ ਲੋਕ ਆਪਣੇ ਬੱਚਿਆਂ ਨੂੰ ਬਾਹਰ ਪਾਰਕਾਂ, ਸਟੇਡੀਅਮਾਂ 'ਚ ਖੇਡਣ ਨਹੀਂ ਭੇਜਦੇ | ਕੁੱਝ ਸਮਾਂ ਪਹਿਲਾ ਨਗਰ ਕੌਂਸਲਾਂ, ਨਗਰ ਪੰਚਾਇਤਾਂ, ਪੇਂਡੂ ਪੰਚਾਇਤਾਂ ਵਲੋਂ ਸਿਹਤ ਕਰਮਚਾਰੀਆਂ ਨਾਲ ਮਿਲ ਕੇ ਲਾਵਾਰਸ ਕੁੱਤਿਆਂ ਦੀ ਵਧੀ ਆਬਾਦੀ ਨੂੰ ਘਟਾਉਣ ਕਈ ਕਦਮ ਚੁੱਕੇ ਜਾਂਦੇ ਸੀ ਪਰ ਪਤਾ ਨੀ ਅੱਜ-ਕੱਲ੍ਹ ਸਰਕਾਰਾਂ ਖ਼ਾਮੋਸ਼ ਕਿਉਂ ਹਨ | ਸੁਪਰੀਮ ਕੋਰਟ ਵਲੋਂ ਲਾਵਾਰਸ ਕੱੁਤਿਆਂ 'ਤੇ ਕਾਬੂ ਪਾਉਣ ਲਈ ਕਈ ਕਾਨੂੰਨ ਵੀ ਬਣਾਏ ਤੇ ਸੂਬਾ ਸਰਕਾਰਾਂ ਨੂੰ ਝਾੜਾਂ ਵੀ ਪਾਈਆਂ ਪਰ ਜ਼ਮੀਨੀ ਹਕੀਕਤ ਵੱਲ ਇਸ ਦਾ ਕੋਈ ਅਸਰ ਨਹੀਂ ਦਿਸ ਰਿਹਾ, ਜਿਸ ਕਾਰਨ ਲਾਵਾਰਸ ਕੁੱਤਿਆਂ ਦਾ ਖ਼ੌਫ਼ ਦਿਨੋ-ਦਿਨ ਵੱਧ ਰਿਹਾ ਹੈ |