ਮੁਕੇਰੀਆਂ, 19 ਫਰਵਰੀ (ਰਾਮਗੜ੍ਹੀਆ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਅਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਵਲੋਂ ਮੁਕੇਰੀਆਂ ਵਿਖੇ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਸੈਂਕੜਿਆਂ ਦੀ ਤਾਦਾਦ ਵਿਚ ਅਧਿਆਪਕ ਅਤੇ ਕਰਮਚਾਰੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਜਤ ਮਹਾਜਨ ਅਤੇ ਜਨਰਲ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਲਾਗੂ ਕਰਨ ਵਿਚ ਨਾਕਾਮ ਰਹੀ ਹੈ, ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਬਹਾਲੀ ਦਾ ਇਕ ਲੰਗੜਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ, ਉਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਸਰਕਾਰ ਲਾਗੂ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਸਮੂਹ ਐਨ. ਪੀ. ਐੱਸ. ਕਰਮਚਾਰੀ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ ਜਿਸ ਦੇ ਸਬੰਧ ਵਿਚ ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਬਲਾਕ ਪੱਧਰ ਤੇ ਵਿਉਂਤਬੰਦੀ ਅਤੇ ਤਿਆਰੀ ਵਿੱਢ ਦਿੱਤੀ ਹੈ ਕਿਉਂਕਿ ਸਰਕਾਰ ਦੇ ਲਾਅਰਿਆਂ ਤੋਂ ਅੱਕੇ ਕਰਮਚਾਰੀ ਹੁਣ ਆਰ ਜਾਂ ਪਾਰ ਦੇ ਸੰਘਰਸ਼ ਕਰਨ ਦੇ ਰੌਂਅ ਵਿਚ ਹਨ | ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਕੀਤੇ ਵਾਅਦੇ ਚਾਰ ਸਾਲ ਬੀਤ ਜਾਣ ਬਾਅਦ ਵੀ ਪੂਰੇ ਨਹੀਂ ਕਰ ਸਕੀ, ਉਲਟਾਂ ਪੁਰਾਣੀ ਪੈਨਸ਼ਨ ਬਹਾਲੀ ਅੰਦੋਲਨ ਤੋਂ ਧਿਆਨ ਭਟਕਾਉਣ ਲਈ ਸਰਕਾਰ ਨੇ ਬੜੀ ਚਲਾਕੀ ਨਾਲ ਟੈੱਟ ਦੀ ਸ਼ਰਤ ਨੂੰ ਥੋਪ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਟੈੱਟ ਦੀ ਬੇਲੋੜੀ ਸ਼ਰਤ ਨੂੰ ਵਿਧਾਨ ਸਭਾ ਵਿਚ ਆਰਡੀਨੈਂਸ ਪਾਸ ਕਰ ਵਾਪਸ ਲਵੇ ਨਹੀਂ ਤਾਂ 22 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਮਹਾ ਰੈਲੀ ਨੂੰ ਸਮਰਥਨ ਦਿੱਤਾ ਤੇ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਲੈ ਕੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਟਾਕ, ਬਿ੍ਜ ਮੋਹਨ, ਜਗਦੀਸ਼ ਸਿੰਘ, ਰਿਸ਼ਵ ਦੇਵ, ਰਮਾ ਕਾਂਤ, ਖੁਸ਼ਵੰਤ ਸਿੰਘ, ਤਰਸੇਮ ਲਾਲ, ਪਰਸ ਰਾਮ, ਸੁਰਿੰਦਰ ਸਿੰਘ, ਮਨਿੰਦਰ ਸਿੰਘ, ਰਵੀ ਕੁਮਾਰ, ਚੰਦਰ ਸ਼ੇਖਰ, ਰਾਕੇਸ਼ ਕੁਮਾਰ, ਸੁਰਜੀਤ ਕੁਮਾਰ, ਪਵਨ ਕੁਮਾਰ, ਨਵਿੰਦਰ ਸਿੰਘ, ਅਜਮੇਰ ਸਿੰਘ, ਸਰਵਨ ਸਿੰਘ, ਰਾਕੇਸ਼ ਕੁਮਾਰ, ਬਿੰਦੀਆ ਉਦਾਸੀ, ਉਪਾਸਨਾ, ਸੰਗੀਤਾ ਕੁਮਾਰੀ, ਨਿਸ਼ਾ ਕੁਮਾਰੀ, ਹਰਪ੍ਰੀਤ ਕੌਰ, ਸਰਬਜੀਤ, ਸੁਖਵਿੰਦਰ ਕੌਰ, ਗੁਲਵਿੰਦਰ ਸਿੰਘ, ਵਿਨੋਦ ਕੁਮਾਰ, ਗੁਰਪਾਲ ਸਿੰਘ, ਸੰਦੀਪ ਕੌਸ਼ਲ, ਸੁਰੇਸ਼ ਲੋਹਗੜ੍ਹ, ਰੌਸ਼ਨ ਲਾਲ, ਨਸੀਬ ਕੁਮਾਰ, ਰਵਿੰਦਰ ਸਿੰਘ, ਰਾਜੇਸ਼ ਸੰਗੋਤਰਾ, ਮਧੂ ਕੁਮਾਰੀ, ਰੇਣੂ ਬਾਲਾ, ਅਰਚਨਾ ਆਦਿ ਹਾਜ਼ਰ ਸਨ |