ਹੁਸ਼ਿਆਰਪੁਰ, 18 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਲਾਜਵੰਤੀ ਸਪੋਰਟਸ ਸਟੇਡੀਅਮ ਵਿਖੇ ਕਰਵਾਏ ਨੇਚਰ ਫੈਸਟ-2026 ਅਤੇ ਪੰਜਾਬ ਸਖੀ ਸ਼ਕਤੀ ਮੇਲੇ ਦੇ ਆਖ਼ਰੀ ਦਿਨ ਉਤਸ਼ਾਹ, ਸੱਭਿਆਚਾਰ ਅਤੇ ਸੰਗੀਤ ਦਾ ਇਕ ਅਨੋਖਾ ਸੰਗਮ ਦੇਖਣ ਨੂੰ ਮਿਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸਾਈਕਲੋਥੋਨ ਨਾਲ ਹੋਈ, ਜਦਕਿ ਸਮਾਪਤੀ ਸ਼ਾਨਦਾਰ ਸਿੰਗਰ ਨਾਈਟ ਨਾਲ ਹੋਈ | ਰੰਗਾਰੰਗ ਪੇਸ਼ਕਾਰੀਆਂ ਅਤੇ ਸੱਭਿਆਚਾਰਕ ਜੋਸ਼ ਨਾਲ ਸਜੀ ਇਹ ਸਟਾਰ ਨਾਈਟ ਦਰਸ਼ਕਾਂ ਲਈ ਅਭੁੱਲ ਬਣ ਗਈ | ਸਟਾਰ ਨਾਈਟ ਦਾ ਮੁੱਖ ਆਕਰਸ਼ਣ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਰਹੇ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਅਤੇ ਜੀਵੰਤ ਪ੍ਰਦਰਸ਼ਨ ਨਾਲ ਹਜ਼ਾਰਾਂ ਦਰਸ਼ਕਾਂ ਨੂੰ ਕੀਲ੍ਹ ਕੇ ਰੱਖ ਦਿੱਤਾ | ਜਿਵੇਂ ਹੀ ਉਨ੍ਹਾਂ ਆਪਣੇ ਮਸ਼ਹੂਰ ਗੀਤ 'ਛੱਲਾ' ਅਤੇ 'ਦਿਲ ਦਾ ਮਾਮਲਾ ਹੈ' ਦੇ ਨਾਲ-ਨਾਲ ਹੋਰ ਸਦਾ-ਬਹਾਰ ਸੁਰਾਂ ਦੀ ਪੇਸ਼ਕਾਰੀ ਕੀਤੀ, ਪੂਰਾ ਪੰਡਾਲ ਤਾੜੀਆਂ ਦੀ ਗੂੰਜ ਅਤੇ ਨੱਚਦੇ ਦਰਸ਼ਕਾਂ ਨਾਲ ਝੂਮ ਉੱਠਿਆ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ, ਵਿਧਾਇਕ ਡਾ: ਇਸ਼ਾਂਕ ਕੁਮਾਰ, ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ, ਮੁਕੇਰੀਆਂ ਹਲਕਾ ਇੰਚਾਰਜ ਪ੍ਰੋਫੈਸਰ ਜੀ.ਐਸ. ਮੁਲਤਾਨੀ, ਬੈਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮਹਿਮਾਨਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਾ ਸਿਰਫ਼ ਪੰਜਾਬ ਦੇ ਅਮੀਰ ਵਿਰਸੇ ਨੂੰ ਜ਼ਿੰਦਾ ਰੱਖਦੇ ਹਨ ਸਗੋਂ ਸਮਾਜਿਕ ਏਕਤਾ ਅਤੇ ਸੱਭਿਆਚਾਰਕ ਬੰਧਨ ਨੂੰ ਵੀ ਮਜ਼ਬੂਤ ਕਰਦੇ ਹਨ | ਮਹਿਮਾਨਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਾ ਸਿਰਫ਼ ਪੰਜਾਬ ਦੇ ਅਮੀਰ ਵਿਰਸੇ ਨੂੰ ਜ਼ਿੰਦਾ ਰੱਖਦੇ ਹਨ ਸਗੋਂ ਸਮਾਜਿਕ ਏਕਤਾ ਅਤੇ ਸੱਭਿਆਚਾਰਕ ਬੰਧਨ ਨੂੰ ਵੀ ਮਜ਼ਬੂਤ ਕਰਦੇ ਹਨ | ਇਸ ਦੌਰਾਨ ਅਦਾਕਾਰ ਤੇ ਗਾਇਕ ਐਮੀ ਵਿਰਕ ਅਤੇ ਅਦਾਕਾਰ ਬੀਨੂ ਢਿੱਲੋਂ ਨੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਅਤੇ ਮਾਹੌਲ ਨੂੰ ਹੋਰ ਵੀ ਉਤਸ਼ਾਹੀ ਬਣਾ ਦਿੱਤਾ | ਕਲਾਕਾਰਾਂ ਦੀ ਇਕ ਝਲਕ ਪਾਉਣ ਲਈ ਦਰਸ਼ਕਾਂ 'ਚ ਬਹੁਤ ਉਤਸ਼ਾਹ ਸੀ ਅਤੇ ਨੌਜਵਾਨਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ | ਇਸ ਮੌਕੇ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ, ਐਸ.ਡੀ.ਐਮ. ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਐਸ.ਡੀ.ਐਮ. ਮੁਕੇਰੀਆਂ ਓਇਸ਼ੀ ਮੰਡਲ, ਆਰ.ਟੀ.ਓ. ਅਮਨਦੀਪ ਕੌਰ ਘੁੰਮਣ, ਐਸ.ਡੀ.ਐਮ. ਗੜ੍ਹਸ਼ੰਕਰ ਪਰਮਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਅਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਗੁਰਦਾਸ ਮਾਨ ਦੀ ਸੁਰਮਈ ਸਟਾਰ ਨਾਈਟ ਨੇ ਨੇਚਰ ਫੈਸਟ-2026 ਨੂੰ ਬਣਾਇਆ ਯਾਦਗਾਰ
ਅਜੀਤ ਡੈਸਕ
19-02-2026