ਨਸਰਾਲਾ, 21 ਜਨਵਰੀ (ਸਤਵੰਤ ਸਿੰਘ ਥਿਆੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜੜਾਮ ਦੇ ਵਿਦਿਆਰਥੀਆਂ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ 'ਚ ਮੱਲਾਂ ਮਾਰਨ ਕਰਕੇ ਉਨ੍ਹਾਂ ਦੇ ਸਨਮਾਨ ਵਿਚ ਅਜੜਾਮ ਸਕੂਲ ਵਿਖੇ ਪਿ੍ੰਸੀਪਲ ਜਗਦੀਪ ਕੌਰ ਦੀ ਅਗਵਾਈ 'ਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਮੈਡਮ ਜਗਦੀਪ ਕੌਰ ਨੇ ਦੱਸਿਆ ਕਿ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਆਰ. ਏ.ਏ ਅਧੀਨ ਬਲਾਕ ਪੱਧਰੀ ਮੈਥ ਮੇਲਾ ਸ.ਸ.ਸ.ਸ. ਨਸਰਾਲਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਜੜਾਮ ਵਲੋਂ ਚਾਰ ਵੱਖੋ-ਵੱਖ ਵਿਸ਼ਿਆਂ 'ਚ ਗਣਿਤ ਦੇ ਮਾਡਲ ਪੇਸ਼ ਕੀਤੇ ਗਏ | ਇਸ 'ਚ ਵਿਦਿਆਰਥੀਆਂ ਨੇ ਪਹਿਲਾ ਤੇ ਦੂਜਾ ਦਰਜਾ ਹਾਸਿਲ ਕੀਤਾ | ਪਹਿਲੇ ਦਰਜੇ ਵਿਚ ਰਹਿਣ ਵਾਲੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੈਥ ਮੇਲੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਵਿਖੇ ਭਾਗ ਲਿਆ ਅਤੇ ਇਸ ਮੌਕੇ ਦਸਵੀਂ ਜਮਾਤ ਦੇ ਪਰਮਵੀਰ ਸਿੰਘ, ਅਵੀਜੋਤ ਸਿੰਘ, ਕਿਰਨਜੋਤ ਕੌਰ ਅਤੇ ਨੌਵੀਂ ਜਮਾਤ ਦੀ ਰਾਜਵੀਰ ਕੌਰ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਕਿਰਨਜੋਤ ਕੌਰ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕਰਕੇ ਜਿੱਥੇ ਆਪਣੇ ਅਧਿਆਪਕਾਂ ਦੇ ਨਾਲ ਮਾਪਿਆਂ ਦਾ ਸਿਰ ਉੱਚਾ ਕੀਤਾ ਉੱਥੇ ਹੀ ਉਨ੍ਹਾਂ ਨੇ ਆਪਣੇ ਪਿੰਡ ਤੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਜਗਦੀਪ ਕੌਰ ਨੇ ਗਣਿਤ ਅਧਿਆਪਕ ਨੀਲਮ ਗੁਪਤਾ, ਹਰਪ੍ਰੀਤ ਕੌਰ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |