* ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰਸਮੀ ਉਦਘਾਟਨ * ਪੰਜਾਬ ਨੇ ਪਹਿਲੀ ਵਾਰ ਕੀਤੀ ਕਿਸੇ ਅੰਤਰ-ਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ
ਜਲੰਧਰ, 27 ਅਕਤੂਬਰ (ਡਾ. ਜਤਿੰਦਰ ਸਾਬ੍ਹੀ, ਜਸਪਾਲ ਸਿੰਘ)-ਏਸ਼ਿਆਈ ਹਾਕੀ ਚੈਂਪੀਅਨਸ਼ਿਪ ਦੀ ਅੱਜ ਜਲੰਧਰ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਰੰਗਾ ਰੰਗ ਸ਼ੁਰੂਆਤ ਹੋਈ । ਕਰੀਬ ਇਕ ਹਫਤੇ ਤੱਕ ਚੱਲਣ ਵਾਲੇ ਇਸ ਅੰਤਰ-ਰਾਸ਼ਟਰੀ ਹਾਕੀ ਟੂਰਨਾਮੈਂਟ ’ਚ ਭਾਰਤ ਸਮੇਤ ਏਸ਼ੀਆ ਦੀਆਂ 6 ਪ੍ਰਮੁੱਖ ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਇਸ ਟੂਰਨਾਮੈਂਟ ਨਾਲ ਪੰਜਾਬ ਨੂੰ ਪਹਿਲੀ ਵਾਰ ਕਿਸੇ ਅੰਤਰ-ਰਾਸ਼ਟਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਿਲ ਹੋਇਆ ਹੈ। ਇਸ ਵੱਕਾਰੀ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਾਕੀ ਇੰਡੀਆ ਦੇ ਸਕੱਤਰ ਭੋਲਾ ਨਾਥ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਖੇਡਾਂ ਦੇ ਪ੍ਰਮੁੱਖ ਸਕੱਤਰ ਵਰੂਣ ਰੂਜ਼ਮ, ਖੇਡ ਨਿਰਦੇਸ਼ਕ ਅਭਿਜੀਤ ਕਪਲਿਸ਼ ਤੇ ਹਾਕੀ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸਮਾਰੋਹ ਦੌਰਾਨ ਜਿੱਥੇ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਜਗਮਗ ਕਰ ਰਿਹਾ ਸਟੇਡੀਅਮ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਸੀ, ਉੱਥੇ ਆਤਿਸ਼ਬਾਜ਼ੀ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਉਦਘਾਟਨੀ ਸਮਾਗਮ ਦੌਰਾਨ 300 ਦੇ ਕਰੀਬ ਕਲਾਕਾਰਾਂ ਦੇ ਇਕ ਗਰੁੱਪ ਵਲੋਂ ਭੰਗੜੇ ਤੇ ਗਿੱਧੇ ਦੀ ਕੀਤੀ ਗਈ ਸ਼ਾਨਦਾਰ ਪੇਸ਼ਕਾਰੀ ਤੇ ਗੱਤਕੇ ਦੇ ਕਰਤੱਬਾਂ ਨੇ ਵੀ ਦਰਸ਼ਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਇਸ ਮੌਕੇ ਪੇਸ਼ ਕੀਤੇ ਡਰੋਨ ਸ਼ੋਅ ਨੇ ਪੰਜਾਬ ਦੀ ਹਾਕੀ ਦੇ ਸੁਨਹਿਰੀ ਇਤਿਹਾਸ ਨੂੰ ਅਸਮਾਨ ’ਤੇ ਰੰਗ ਬਰੰਗੀਆਂ ਰੌਸ਼ਨੀਆਂ ਨਾਲ ਬਹੁਤ ਹੀ ਖੂਬਸੂਰਤ ਢੰਗ ਨਾਲ ਰੂਪਮਾਨ ਕਰਕੇ ਹਾਕੀ ਦੇ ਪੁਰਾਣੇ ਯੁੱਗ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਦਰਸ਼ਕਾਂ ਦੇ ਨਾਲ ਖਚਾਖਚ ਭਰੇ ਸਟੇਡੀਅਮ ’ਚ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਅੰਤਰ ਰਾਸ਼ਟਰੀ ਟੂਰਨਾਮੈਂਟ ਦੀ ਪਹਿਲੀ ਵਾਰ ਮੇਜ਼ਬਾਨੀ ਕਰਨਾ ਪੰਜਾਬ ਲਈ ਇਤਿਹਾਸਕ ਪਲ ਹੈ ਤੇ ਇਸ ਨਾਲ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ ’ਤੇ ਆਪਣੇ ਮਾਪਿਆਂ, ਰਿਸ਼ਤੇਦਾਰਾਂ ਤੇ ਹੋਰਨਾਂ ਸਨੇਹੀਆਂ ਦੇ ਸਾਹਮਣੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋ ਗਿਆ ਹੈ। ਇਸ ਮੌਕੇ ਸਾਰੇ 6 ਦੇਸ਼ਾਂ ਦੀਆਂ ਟੀਮਾਂ ਦਾ ਸਵਾਗਤ ਤੇ ਉਨ੍ਹਾਂ ਦੇ ਕਪਤਾਨਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਸ਼ਵ ਹਾਕੀ ਮੰਚ ’ਤੇ ਆਪਣਾ ਪੁਰਾਣਾ ਰੁਤਬਾ ਮੁੜ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਦੇ ਨਾਲ ਹੀ ਪੰਜਾਬ ਸਾਲ 2030 ਦੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਵੀ ਤਿਆਰੀਆਂ ਕਰ ਰਿਹਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਾਕੀ ਦਾ ਇਕ ਅਟੁੱਟ ਰਿਸ਼ਤਾ ਹੈ ਤੇ ਭਾਰਤੀ ਹਾਕੀ ’ਚ ਸੂਬੇ ਦਾ ਯੋਗਦਾਨ ਸਿਰਫ਼ ਖੇਡਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇਕ ਅਜਿਹੀ ਵਿਰਾਸਤ ਹੈ ਜੋ ਜਜ਼ਬੇ, ਕੁਰਬਾਨੀ, ਅਨੁਸ਼ਾਸਨ ਅਤੇ ਦ੍ਰਿੜ ਖੇਡ ਭਾਵਨਾ ’ਤੇ ਉਸਾਰੀ ਗਈ ਹੈ। ਭਾਰਤੀ ਹਾਕੀ ’ਚ ਪੰਜਾਬ ਦੇ ਸ਼ਾਨਦਾਰ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹ ਕਿ ਪੰਜਾਬ ਨੇ 1928 ਦੀਆਂ ਐਮਸਟਰਡੈਮ ਉਲੰਪਿਕ ਤੋਂ ਲੈ ਕੇ 2024 ਦੀਆਂ ਪੈਰਿਸ ਉਲੰਪਿਕ ਤੱਕ, 77 ਹਾਕੀ ਉਲੰਪੀਅਨ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ’ਚੋਂ ਸੂਬੇ ਦੇ 48 ਖਿਡਾਰੀਆਂ ਨੇ ਉਲੰਪਿਕ ਤਗ਼ਮੇ ਜਿੱਤੇ ਹਨ। ਪੰਜਾਬੀ ਖਿਡਾਰੀਆਂ ਨੇ 10 ਮੌਕਿਆਂ ’ਤੇ ਉਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਹੈ, ਜੋ ਖੇਡ ਖੇਤਰ ’ਚ ਪੰਜਾਬ ਦੀ ਨਿਰੰਤਰ ਅਗਵਾਈ ਨੂੰ ਦਰਸਾਉਂਦੀ ਹੈ। ਮਹਾਨ ਹਾਕੀ ਖਿਡਾਰੀਆਂ ਪ੍ਰਤੀ ਸਤਿਕਾਰ ਭੇਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ ਤੇ ਪਰਗਟ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ । ਉਨ੍ਹਾਂ ਕਿਹਾ ਕਿ 1952 ਦੀਆਂ ਹੈਲਸਿੰਕੀ ਉਲੰਪਿਕ ਦੇ ਫਾਈਨਲ ’ਚ ਬਲਬੀਰ ਸਿੰਘ ਸੀਨੀਅਰ ਵੱਲੋਂ 5 ਗੋਲ ਕਰਨ ਦੀ ਸ਼ਾਨਦਾਰ ਪ੍ਰਾਪਤੀ ਭਾਰਤੀ ਹਾਕੀ ਇਤਿਹਾਸ ਦਾ ਲਾਸਾਨੀ ਅਧਿਆਏ ਹੈ। ਊਧਮ ਸਿੰਘ ਦਾ ਚਾਰ ਓਲੰਪਿਕ ਖੇਡਣਾ ਤੇ ਤਗ਼ਮੇ ਜਿੱਤਣ ਦਾ ਪ੍ਰਭਾਵਸ਼ਾਲੀ ਰਿਕਾਰਡ ਵੀ ਸਾਡੇ ਲਈ ਪ੍ਰੇਰਨਾਦਾਇਕ ਹੈ। ਮੁੱਖ ਮੰਤਰੀ ਨੇ ਕਿਹਾ ਕਿ 2021 ਵਿਚ ਟੋਕੀਓ ਉਲੰਪਿਕ ਤੇ 2024 ਵਿਚ ਪੈਰਿਸ ਉਲੰਪਿਕ ਵਿਚ ਪੁਰਸ਼ ਹਾਕੀ ਵਿਚ ਭਾਰਤ ਵਲੋਂ ਜਿੱਤੇ ਗਏ ਕਾਂਸੀ ਦੇ ਤਗ਼ਮਿਆਂ ਨੇ ਲਗਾਤਾਰ ਉਲੰਪਿਕ ਤਗ਼ਮੇ ਜਿੱਤਣ ਦੀਆਂ ਮੁਹਿੰਮਾਂ ਦੇ 52 ਸਾਲਾਂ ਦੇ ਵਕਫ਼ੇ ਬਾਅਦ ਖੇਡ ’ਚ ਕੌਮੀ ਮਾਣ ਨੂੰ ਮੁੜ ਸੁਰਜੀਤ ਕੀਤਾ ਹੈ ਤੇ ਅੱਜ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ ਅੱਠ ਖਿਡਾਰੀ ਸ਼ਾਮਲ ਹਨ। ਭਾਰਤੀ ਹਾਕੀ ’ਚ ਜਲੰਧਰ ਦੇ ਵਿਸ਼ੇਸ਼ ਯੋਗਦਾਨ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਨੇ ਉਲੰਪੀਅਨਾਂ ਅਤੇ ਕੌਮਾਂਤਰੀ ਖਿਡਾਰੀਆਂ ਦੀਆਂ ਕਈ ਪੀੜ੍ਹੀਆਂ ਪੈਦਾ ਕੀਤੀਆਂ ਹਨ। ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਨੇ ਖੇਡ ਵਿਚ ਆਪਣੇ ਵਿਲੱਖਣ ਯੋਗਦਾਨ ਨਾਲ ਵਿਸ਼ਵ ਪੱਧਰ ’ਤੇ ਵੱਖਰੀ ਪਛਾਣ ਬਣਾਈ ਹੈ, ਜਿਨ੍ਹਾਂ ਵਿੱਚੋਂ 20 ਤੋਂ ਵੱਧ ਉਲੰਪੀਅਨ ਨਿਕਲੇ ਹਨ। ਇਨ੍ਹਾਂ ਪਿੰਡਾਂ ਵਿਚ ਹਾਕੀ ਸਿਰਫ਼ ਇਕ ਖੇਡ ਨਹੀਂ ਹੈ। ਇਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚੱਲੀ ਆ ਰਹੀ ਪਰੰਪਰਾ ਹੈ। ਚੈਂਪੀਅਨਸ਼ਿਪ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਜਲੰਧਰ ਦਾ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਲੀਗ ਪੜਾਅ ਦੇ ਸਾਰੇ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦਕਿ ਮੋਹਾਲੀ ਦਾ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਸੈਮੀਫਾਈਨਲ ਤੇ ਫਾਈਨਲ ਦੀ ਮੇਜ਼ਬਾਨੀ ਕਰੇਗਾ। ਅੰਤਰਰਾਸ਼ਟਰੀ ਖਿਡਾਰੀਆਂ, ਅਧਿਕਾਰੀਆਂ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਆਪਣੀ ਫਰਾਖ਼ਦਿਲੀ ਤੇ ਮਹਿਮਾਨਨਵਾਜ਼ੀ ਲਈ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇੱਥੇ ਆਈਆਂ ਟੀਮਾਂ ਸਾਡੇ ਲੋਕਾਂ, ਪਿੰਡਾਂ, ਸੱਭਿਆਚਾਰ ਤੇ ਰਵਾਇਤੀ ਪਕਵਾਨਾਂ ਦੀਆਂ ਮਿੱਠੀਆਂ ਯਾਦਾਂ ਲੈ ਕੇ ਆਪਣੇ ਘਰ ਪਰਤਣਗੀਆਂ। ਇਸ ਤੋਂ ਪਹਿਲਾਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ ਅਤੇ ਇਸ਼ਾਂਕ ਚੱਬੇਵਾਲ, ਮੇਅਰ ਜਲੰਧਰ ਵਿਨੀਤ ਧੀਰ, ਸੈਰ-ਸਪਾਟਾ ਸਲਾਹਕਾਰ ਦੀਪਕ ਬਾਲੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਸਨ।