ਨਵੀਂ ਦਿੱਲੀ, 21 ਅਕਤੂਬਰ (ਜਗਤਾਰ ਸਿੰਘ)-ਦਿੱਲੀ-ਐਨ.ਸੀ.ਆਰ. ’ਚ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ’ਚ ਪਹੁੰਚਣ ਕਾਰਨ ਗ੍ਰੇਪ-1 ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ । ਹਵਾ ਗੁਣਵੱਤਾ ਸੂਚਕ ਅੰਕ ਦੇ 200 ਤੋਂ ਪਾਰ (244 ਦੇ ਕਰੀਬ) ਜਾਣ ਕਾਰਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਿਯੂ.ਐਮ.) ਵਲੋਂ ਇਹ ਫ਼ੈਸਲਾ ਲਿਆ ਗਿਆ ਹੈ । ਗ੍ਰੇਪ-1 ਦੇ ਲਾਗੂ ਹੋਣ ਨਾਲ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ’ਚ ਕਈ ਨਿਯਮ ਤੇ ਪਾਬੰਦੀਆਂ ਪ੍ਰਭਾਵੀ ਹੋ ਗਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਹੋਟਲਾਂ, ਰੈਸਟੋਰੈਂਟਾਂ ਤੇ ਢਾਬਿਆਂ ਦੇ ਤੰਦੂਰਾਂ ’ਚ ਕੋਲੇ ਜਾਂ ਲੱਕੜ ਦੇ ਬਾਲਣ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਡੀਜ਼ਲ ਜਨਰੇਟਰ ਸੈੱਟਾਂ ਦੀ ਵਰਤੋਂ ਸਿਰਫ਼ ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਲਈ ਹੀ ਕੀਤੀ ਜਾ ਸਕੇਗੀ। ਪ੍ਰਦੂਸ਼ਣ ਫੈਲਾਉਣ ਵਾਲੇ ਤੇ ਮਿਆਦ ਪੁੱਗ ਚੁੱਕੇ ਪੁਰਾਣੇ ਵਾਹਨਾਂ (10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨ) ਦੀ ਸਖ਼ਤ ਚੈਕਿੰਗ ਕੀਤੀ ਜਾਵੇਗੀ ਤੇ ਵੈਧ ਪ੍ਰਦੂਸ਼ਣ ਰੋਕਥਾਮ ਸਰਟੀਫਿਕੇਟ ਨਾ ਹੋਣ ’ਤੇ ਭਾਰੀ ਜੁਰਮਾਨਾ ਲੱਗੇਗਾ। ਕਿਸੇ ਵੀ ਤਰ੍ਹਾਂ ਦੇ ਕੂੜੇ-ਕਰਕਟ ਜਾਂ ਬਾਇਓ-ਮੈਡੀਕਲ ਰਹਿੰਦ-ਖੂੰਹਦ ਨੂੰ ਖੁੱਲ੍ਹੇ ’ਚ ਸਾੜਨ ’ਤੇ ਸਖ਼ਤ ਮਨਾਹੀ ਹੈ। ਇਸ ਤੋਂ ਇਲਾਵਾ ਉਸਾਰੀ ਅਧੀਨ ਥਾਵਾਂ ’ਤੇ ਧੂੜ ਨੂੰ ਉੱਡਣ ਤੋਂ ਰੋਕਣ ਲਈ ਪਾਣੀ ਦਾ ਛਿੜਕਾਅ ਲਾਜ਼ਮੀ ਹੋਵੇਗਾ ਤੇ ਐਂਟੀ-ਸਮੋਗ ਗੰਨ ਦੀ ਵਰਤੋਂ ਵਧਾਈ ਜਾਵੇਗੀ। ਸੜਕਾਂ ’ਤੇ ਮਸ਼ੀਨੀ ਸਫ਼ਾਈ ਤੇ ਧੂੜ ਘਟਾਉਣ ਲਈ ਪਾਣੀ ਦਾ ਛਿੜਕਾਅ ਨਿਯਮਤ ਤੌਰ ’ਤੇ ਕੀਤਾ ਜਾਵੇਗਾ।