ਕਪੂਰਥਲਾ, 13 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਸਰਕਾਰ ਨੌਜਵਾਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣ ਲਈ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ ਦੇ 14ਵੇਂ ਕਾਨਵੋਕੇਸ਼ਨ ਸਮਾਗਮ ’ਚ ਯੂਨੀਵਰਸਿਟੀ ਦੇ 515 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਸਿੱਖਿਆ ਤੇ ਰੁਜ਼ਗਾਰ ਨੂੰ ਅਣਗੌਲਿਆਂ ਕੀਤੇ ਜਾਣ ਕਾਰਨ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਰੁਜ਼ਗਾਰ ਦੇ ਮੌਕਿਆਂ ਦੀ ਭਾਲ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਪੰਜਾਬ ਇਸ ਸਮੇਂ ਪ੍ਰਾਇਮਰੀ ਸਿੱਖਿਆ ਦੇ ਖੇਤਰ ’ਚ ਦੇਸ਼ ’ਚੋਂ ਪਹਿਲੇ ਨੰਬਰ ਦਾ ਸੂਬਾ ਬਣਿਆ ਹੈ। ਉਨ੍ਹਾਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤਕਨਾਲੋਜੀ, ਨਵੀਨਤਾ, ਉਦਯੋਗ ਤੇ ਉੱਦਮਤਾ ’ਚ ਉਭਰ ਰਹੇ ਮੌਕਿਆਂ ਦਾ ਲਾਭ ਉਠਾ ਕੇ ਪੰਜਾਬ ਦੇ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਵਲੋਂ ਅੱਜ ਪ੍ਰਾਪਤ ਕੀਤੀ ਗਈ ਡਿਗਰੀ ਸੁਪਨੇ ਸਾਕਾਰ ਕਰਨ ਦਾ ਸਰਟੀਫਿਕੇਟ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ, ਪੰਜਾਬ ਦੀਆਂ ਕਦਰਾਂ ਕੀਮਤਾਂ ਬਣਾਈ ਰੱਖਣ ਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਏਸ਼ੀਆਈ ਖੇਡਾਂ ’ਚ ਸੋਨ ਤਗਮਾ ਜੇਤੂ ਭਾਰਤ ਦੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ, ਸੁਖਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ| ਮੁੱਖ ਮੰਤਰੀ ਨੇ ਏਸ਼ਿਆਈ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਖੇਤਰ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਦੇ ਦੂਰਦਰਸ਼ੀ ਵਿਜ਼ਨ ਬਾਰੇ ਚਾਨਣਾ ਪਾਇਆ ਤੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਅਰਵਿੰਦ ਕੁਮਾਰ ਬਾਂਸਲ ਨੇ ਯੂਨੀਵਰਸਿਟੀ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਕਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਤੇ ਬਾਘਾ ਪੁਰਾਣਾ ਤੋਂ ਵਿਧਾਇਕ ਅੰਮਿ੍ਤਪਾਲ ਸਿੰਘ ਸੁੱਖਾ ਨੰਦ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਰਜਨੀਸ਼ ਕੁਮਾਰ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਜਦਕਿ ਰਜਿਸਟਰਾਰ ਡਾ. ਨਵਦੀਪਕ ਸੰਧੂ ਨੇ ਕਨਵੋਕੇਸ਼ਨ ਸਮਾਗਮ ’ਚ ਮੁੱਖ ਮੰਤਰੀ ਸਮੇਤ ਸ਼ਾਮਿਲ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਮਨੀਸ਼ ਕੁਮਾਰ ਆਈ.ਏ.ਐਸ., ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ-ਕੁਲਪਤੀ ਪ੍ਰੋ. ਸੰਜੀਵ ਸ਼ਰਮਾ, ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸੇਵਾਮੁਕਤ ਉਪ-ਕੁਲਪਤੀ ਡਾ. ਰਜਨੀਸ਼ ਅਰੋੜਾ, ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਪਰਮਜੀਤ ਸਿੰਘ, ਡੀਨ ਅਕਾਦਮਿਕ ਪ੍ਰੋ. ਡਾ. ਨੀਲ ਕੰਠ ਗਰੋਵਰ, ਡੀਨ ਖੋਜ ਤੇ ਵਿਕਾਸ ਪ੍ਰੋ. ਡਾ. ਅਸ਼ੀਸ਼ ਅਰੋੜਾ, ਡੀਨ ਕਾਲਜ ਡਿਵੈਲਪਮੈਂਟ ਤੇ ਪੀ.ਐਂਡ ਈ.ਪੀ. ਡਾ. ਆਰ.ਪੀ.ਐਸ. ਬੇਦੀ, ਡੀਨ ਫੈਕਲਟੀ ਡਿਵੈਲਪਮੈਂਟ ਡਾ. ਗੌਰਵ ਯਾਦਵ, ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਐਸ.ਐਸ.ਪੀ. ਗੌਰਵ ਤੂਰਾ ਤੇ ਹੋਰ ਹਾਜ਼ਰ ਸਨ |