ਤਾਜਪੋਸ਼ੀ ਮੌਕੇ ਹੀ ਰਾਜਾ ਵੜਿੰਗ ਦੇ ਸਮਰਥਕਾਂ ਵਲੋਂ ਪਾਈ ਪੋਸਟ ਖਾਨਾਜੰਗੀ ਨੂੰ ਦੇ ਰਹੀ ਹਵਾ
ਚੰਡੀਗੜ੍ਹ, 11 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਵਿਚਾਲੇ ਛਿੜੀ ਖਾਨਾਜੰਗੀ ਖਤਮ ਕਰਨ ਲਈ ਪ੍ਰਧਾਨ ਤਾਂ ਬਦਲ ਦਿੱਤਾ ਗਿਆ, ਪਰ ਦੋਵੇਂ ਧੜਿਆਂ ਵਿਚਾਲੇ ਖਾਨਾਜੰਗੀ ਅਜੇ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ। ਪਰਗਟ ਸਿੰਘ ਦੀ ਤਾਜਪੋਸ਼ੀ ਮੌਕੇ ਸਾਬਕਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਕ ਸਮਰਥਕ ਵਲੋਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਧੜੇਬੰਦੀ ਨੂੰ ਹਵਾ ਦੇ ਦਿੱਤੀ ਗਈ ਹੈ, ਜੋ ਕਿ ਭੇੜੀਆਂ ਦੀ ਲੜਾਈ ਨੂੰ ਦਰਸਾਉਂਦੀ ਹੈ। ਉਸ ਵਿਚ ਨੌਜਵਾਨ ਅਤੇ ਬਜ਼ੁਰਗ ਭੇੜੀਆਂ ਵਿਚਾਲੇ ਚੱਲ ਰਹੀ ਲੜਾਈ ਨੂੰ ਪੰਜਾਬ ਕਾਂਗਰਸ ਵਿਚਾਲੇ ਚੱਲ ਰਹੀ ਖਾਨਾਜੰਗੀ ਨਾਲ ਤੁਲਨਾ ਕਰਕੇ ਦਰਸਾਇਆ ਗਿਆ ਕਿ ਇਕ ਨੌਜਵਾਨ ਭੇੜੀਆ, ਜੋ ਆਪਣੀ ਕਾਬਲੀਅਤ ਨਾਲ ਅੱਗੇ ਵਧਦਾ ਹੈ ਉਸ ਨੂੰ ਕਿਸ ਤਰ੍ਹਾਂ ਬਜ਼ੁਰਗ ਭੇੜੀਏ ਬਰਦਾਸ਼ਤ ਨਹੀਂ ਕਰਦੇ ਅਤੇ ਉਸ ਦੀਆਂ ਛੋਟੀਆਂ ਗਲਤੀਆਂ ਉੱਤੇ ਉਸ ਨੂੰ ਘੇਰਦੇ ਹੋਏ ਇਕ ਦਿਨ ਉਸ ਦੀ ਜਾਨ ਲੈ ਲੈਂਦੇ ਹਨ। ਵਿਰੋਧੀ ਧੜਾ ਇਸ ਪੋਸਟ ਤੋਂ ਔਖਾ ਵੀ ਨਜ਼ਰ ਆ ਰਿਹਾ ਹੈ। ਇਸ ਨੂੰ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਵਲੋਂ ਪਾਈ ਇਕ ਪੋਸਟ ਕਿ ‘ਗੁੱਡਾ ਗੁੱਡੀ ਉਹ ਗਏ’ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਤਾਜ਼ਾ ਪੋਸਟ ਬਾਰੇ ਜਦੋਂ ਰਾਜਾ ਵੜਿੰਗ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ, ਉਹ ਆਪਣੀਆਂ ਭਾਵਨਾਵਾਂ ਦਰਸਾਉਣ ਲਈ ਕੁਝ ਨਾ ਕੁਝ ਕਰਦੇ ਹਨ ਪਰ ਮੈਂ ਇਸ ਵਿਚ ਕੀ ਕਰ ਸਕਦਾ ਹਾਂ। ਹਾਲਾਂਕਿ ਚੰਨੀ ਦੇ ਪੁੱਤਰ ਵਲੋਂ ਪਾਈ ਪੋਸਟ ਵੇਲੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਸੀ ਅਤੇ ਤਾਜ਼ਾ ਪੋਸਟ ਬਾਰੇ ਵੀ ਉਨ੍ਹਾਂ ਅਜੇ ਤੱਕ ਕੁਝ ਵੀ ਨਹੀਂ ਕਿਹਾ। ਹਾਲਾਂਕਿ ਅੰਦਰਖਾਤੇ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਖਾਨਾਜੰਗੀ ਸੁਲਘ ਰਹੀ ਅਜੇ ਵੀ ਸਾਫ ਦਿਖਾਈ ਦੇ ਰਹੀ ਹੈ।
ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਪਰ ਖਾਨਾਜੰਗੀ ਅਜੇ ਵੀ ਜਾਰੀ
ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਪਰ ਖਾਨਾਜੰਗੀ ਅਜੇ ਵੀ ਜਾਰੀ
ਅਜੀਤ ਡੈਸਕ
12-10-2026