ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਸਤੰਬਰ-ਪੰਜਾਬ ਕਾਂਗਰਸ ’ਚ ਚੱਲ ਰਹੀਆਂ ਬਦਲਾਅ ਦੀਆਂ ਕਨਸੋਆਂ ਦਰਮਿਆਨ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਦੇਰ ਰਾਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਲਕਿਆਂ ਮੁਤਾਬਿਕ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਵਲੋਂ ਸੂਬੇ ਦੇ ਦੌਰੇ ਤੋਂ ਬਾਅਦ ਸੌਂਪੀ ਰਿਪੋਰਟ ਤੋਂ ਬਾਅਦ ਦੋ ਦਿਨ ਪਹਿਲਾਂ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਪਾਰਟੀ ਜਨਰਲ ਸਕੱਤਰ ਕੇ ਸੀ ਵੇਨੂੰਗੋਪਾਲ ਦੇ ਨਾਲ ਚਰਚਾ ਤੋਂ ਬਾਅਦ ਵੜਿੰਗ ਨੇ ਅਸਤੀਫਾ ਦੇ ਦਿੱਤਾ ਹੈ।
‘ਅਜੀਤ’ ਵਲੋਂ ਪੰਜਾਬ ਕਾਂਗਰਸ ਦੇ ਕੁਝ ਸੀਨੀਅਰ ਨੇਤਾਵਾਂ ਨਾਲ ਕੀਤੀ ਗੱਲਬਾਤ ਮੁਤਾਬਿਕ ਹਾਈ ਕਮਾਨ ਨੇ ਸੂਬਾਈ ਨੇਤਾਵਾਂ ਤੋਂ ਪ੍ਰਧਾਨਗੀ ਦੇ ਮੁੱਦੇ ’ਤੇ ਰਾਏ ਮੰਗੀ ਸੀ। ਨਵੇਂ ਪ੍ਰਧਾਨ ਦੀ ਦੌੜ ’ਚ ਵਿਜੈ ਇੰਦਰ ਸਿੰਗਲਾ ਦਾ ਨਾਂਅ ਸਭ ਤੋਂ ਅੱਗੇ ਚੱਲ ਰਿਹਾ ਹੈ। ਹਲਕਿਆਂ ਮੁਤਾਬਿਕ ਪ੍ਰਧਾਨ ਦੇ ਅਹੁਦੇ ਲਈ ਹੋਰ ਜਿਨ੍ਹਾਂ ਨਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ’ਚ ਪ੍ਰਗਟ ਸਿੰਘ, ਡਾ. ਅਮਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਰਾਣਾ ਕੇ.ਪੀ. ਦਾ ਨਾਂਅ ਵੀ ਸ਼ਾਮਿਲ ਹੈ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਸੀਨੀਆਰਤਾ, ਹਿੰਦੂ-ਜੱਟ ਭਾਈਚਾਰੇ ਦੇ ਸੰਤੁਲਨ ਅਤੇ ਪੰਜਾਬ ਕਾਂਗਰਸ ਦੇ ਦੋਹਾਂ ਧੜਿਆਂ- ਵੜਿੰਗ ਧੜਾ ਅਤੇ ਬਾਗੀ ਧੜਾ ਜਿਸ ’ਚ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਿਲ ਹਨ, ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਸ਼ਾਮਿਲ ਹੈ। ਹਲਕਿਆਂ ਮੁਤਾਬਿਕ ਸਚਿਨ ਪਾਇਲਟ ਪੰਜਾਬ ਦੌਰੇ ਤੋਂ ਬਾਅਦ ਵੀ ਉੱਥੇ ਦੇ ਸਥਾਨਕ ਨੇਤਾਵਾਂ ਨਾਲ ਲਗਾਤਾਰ ਸੰਪਰਕ ’ਚ ਰਹੇ ਅਤੇ ਵੱਖ-ਵੱਖ ਧਿਰਾਂ ਦੀ ਰਾਏ ਸੁਣਨ ਤੋਂ ਬਾਅਦ ਉਨ੍ਹਾਂ ਰਾਹੁਲ ਗਾਂਧੀ ਅਤੇ ਖੜਗੇ ਅੱਗੇ ਪ੍ਰਧਾਨ ਬਦਲਣ ਦਾ ਪ੍ਰਸਤਾਵ ਰੱਖਿਆ। ਦੂਜੇ ਪਾਸੇ ਵੜਿੰਗ ਨੇ ਬੁੱਧਵਾਰ ਦੇਰ ਰਾਤ ਨੂੰ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਆਪ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਪੇਸ਼ਕਸ਼ ਉਨ੍ਹਾਂ ਰਾਹੁਲ ਗਾਂਧੀ ਅਤੇ ਸਚਿਨ ਪਾਇਲਟ ਨਾਲ ਮੀਟਿੰਗ ਦੌਰਾਨ ਕੀਤੀ ਸੀ। ਵੜਿੰਗ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ, ਜਿਸ ’ਚ ਤਕਰੀਬਨ 4 ਮਹੀਨੇ ਦਾ ਸਮਾਂ ਬਚਿਆ ਹੈ, ਆਇਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਅਗਲੇ 24 ਤੋਂ 48 ਘੰਟੇ ਅੰਦਰ ਨਵੇਂ ਪ੍ਰਧਾਨ ਦੇ ਨਾਂਅ ਦਾ ਐਲਾਨ ਕਰ ਸਕਦੀ ਹੈ। ਵੜਿੰਗ ਨੂੰ ਹਟਾਉਣਾ ਪੰਜਾਬ ਕਾਂਗਰਸ ’ਚ ਕੀਤੇ ਜਾਣ ਵਾਲੇ ਵੱਡੇ ਬਦਲਾਵਾਂ ’ਚੋਂ ਇਕ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਭੁਪੇਸ਼ ਬਘੇਲ ਨੂੰ ਹਟਾ ਕੇ ਸਚਿਨ ਪਾਇਲਟ ਨੂੰ ਨਵਾਂ ਇੰਚਾਰਜ ਬਣਾਇਆ ਗਿਆ ਸੀ। ਪਾਇਲਟ ਨੇ ਆਉਣ ਤੋਂ ਬਾਅਦ ਲਗਾਤਾਰ ਇਹ ਕਿਆਸਅਰਾਈਆਂ ਚੱਲ ਰਹੀਆਂ ਸਨ ਕਿ ਹੁਣ ਪ੍ਰਧਾਨ ਵੀ ਬਦਲਿਆ ਜਾਵੇਗਾ। ਹਲਕਿਆਂ ਮੁਤਾਬਿਕ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲੇ ਜਾਣ ਦਾ ਕਾਰਨ ਹਾਲ ’ਚ ਦਿੱਲੀ ਯੂਨੀਵਰਸਿਟੀ ’ਚ ਹੋਈਆਂ ਵਿਦਿਆਰਥੀ ਯੂਨੀਅਨ ਚੋਣਾਂ ਦੌਰਾਨ ਕਾਂਗਰਸ ਦੇ ਵਿਦਿਆਰਥੀ ਵਿੰਗ ਐਨ ਐੱਸ ਯੂ ਆਈ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਵੀ ਰਿਹਾ। ਜਿਸ ਦੀ ਸਮੀਖਿਆ ’ਚ ਇਕ ਵੱਡਾ ਕਾਰਨ ਜੋ ਨਿਕਲ ਕੇ ਸਾਹਮਣੇ ਆਇਆ ਸੀ, ਉਹ ਉਮੀਦਵਾਰਾਂ ਦੀ ਚੋਣ ਜਿੱਤਣ ਦੀ ਸਮਰੱਥਾ ਦੇ ਵਿਸ਼ਲੇਸ਼ਣ ਨੂੰ ਅਣਗੌਲਣਾ ਅਤੇ ਅੰਦਰੂਨੀ ਖਾਨਾਜੰਗੀ ਦੇ ਨਾਲ ਹੀ ਚੋਣ ਮੈਦਾਨ ’ਚ ਉਤਰਨਾ ਸੀ। ਸਚਿਨ ਪਾਇਲਟ ਦੇ ਫੀਡਬੈਕ ਅਤੇ ਐਨ ਐੱਸ ਯੂ ਆਈ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਸਬਕ ਲੈਂਦਿਆਂ ਪਾਰਟੀ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਸੰਬੰਧੀ ਇਹ ਫੈਸਲਾ ਲਿਆ ਗਿਆ।
ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ * ਨਵੇਂ ਪ੍ਰਧਾਨ ਦਾ ਐਲਾਨ ਇਕ-ਦੋ ਦਿਨਾਂ ’ਚ ਸੰਭਵ * ਵਿਜੇ ਇੰਦਰ ਸਿੰਗਲਾ ਦਾ ਨਾਂਅ ਸਭ ਤੋਂ ਅੱਗੇ
ਉਪਮਾ ਡਾਗਾ ਪਾਰਥ ਨਵੀਂ ਦਿੱਲੀ, 30 ਸਤੰਬਰ-ਪੰਜਾਬ ਕਾਂਗਰਸ ’ਚ ਚੱਲ ਰਹੀਆਂ ਬਦਲਾਅ ਦੀਆਂ ਕਨਸੋਆਂ ਦਰਮਿਆਨ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਦੇਰ ਰਾਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਲਕਿਆਂ ਮੁਤਾਬਿਕ ...
ਅਜੀਤ ਡੈਸਕ
01-10-2026