ਏ.ਜੀ.ਟੀ.ਐਫ ਦੀ ਵੱਡੀ ਸਫ਼ਲਤਾ
ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ)-ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਵਿਰੁੱਧ ਵੱਡੀ ਸਫ਼ਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓ.ਐਫ.ਟੀ.ਈ.ਸੀ.) ਨੇ ਕੇਂਦਰੀ ਏਜੰਸੀਆਂ ਦੀ ਸਹਾਇਤਾ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਗੁਰਗੇ ਤੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਦੀ ਮੋਲਦੋਵਾ ਗਣਰਾਜ ਤੋਂ ਹਵਾਲਗੀ ਪ੍ਰਾਪਤ ਕੀਤੀ ਹੈ| ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ| ਇਹ ਮੁਲਜ਼ਮ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ), ਅਸਲਾ ਐਕਟ, ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ| ਜ਼ਿਕਰਯੋਗ ਹੈ ਕਿ ਦੋਸ਼ੀ ਅੰਮ੍ਰਿਤ ਦਾਲਮ ਨੂੰ 24 ਫਰਵਰੀ, 2026 ਨੂੰ ਮੋਲਦੋਵਾ ਦੇ ਅਧਿਕਾਰੀਆਂ ਨੇ ਉਸ ਸਮੇਂ ਹਿਰਾਸਤ ’ਚ ਲਿਆ ਸੀ, ਜਦੋਂ ਉਹ ਓਟਾਸੀ ਰਾਜ ਦੀ ਸਰਹੱਦ ਪਾਰ ਕਰਕੇ ਯੂਕਰੇਨ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ| ਇਸ ਉਪਰੰਤ, ਓ.ਐਫ.ਟੀ.ਈ.ਸੀ. ਪੰਜਾਬ ਰਾਹੀਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ| ਇਨ੍ਹਾਂ ਕਾਰਵਾਈਆਂ ਦੌਰਾਨ, ‘ਕੋਰਟ ਆਫ਼ ਚਿਸੀਨਾਉ’ ਨੇ 26 ਮਈ, 2026 ਨੂੰ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਵਾਪਸ ਭੇਜਣ ਬਾਰੇ ਮਨਜ਼ੂਰੀ ਦੇ ਦਿੱਤੀ| ਹਵਾਲਗੀ ਦੇ ਹੁਕਮਾਂ ਵਿਰੁੱਧ ਉਸ ਦੀ ਅਪੀਲ ਨੂੰ ‘ਕੋਰਟ ਆਫ਼ ਅਪੀਲ ਸੈਂਟਰੂ’ ਵੱਲੋਂ 16 ਜੁਲਾਈ, 2026 ਨੂੰ ਰੱਦ ਕਰ ਦਿੱਤਾ ਗਿਆ, ਜਿਸ ਨਾਲ ਹਵਾਲਗੀ ਦੇ ਹੁਕਮ ਨੂੰ ਅੰਤਿਮ ਰੂਪ ਦਿੱਤਾ ਗਿਆ| ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਦੀ ਹਵਾਲਗੀ ਤੋਂ ਬਾਅਦ ਪੰਜਾਬ ਪੁਲੀਸ ਦੀ ਚਾਰ ਮੈਂਬਰੀ ਟੀਮ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਮੋਲਦੋਵਾ ਭੇਜੀ ਗਈ| ਐਸ.ਪੀ. ਏ.ਜੀ.ਟੀ.ਐਫ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ’ਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਐਸ.ਆਈ. ਜਸਪ੍ਰੀਤ ਸਿੰਘ ਤੇ ਏ.ਐਸ.ਆਈ. ਵਰਿੰਦਰ ਕੁਮਾਰ ਸ਼ਾਮਲ ਸਨ| ਡੀ.ਜੀ.ਪੀ. ਨੇ ਕਿਹਾ ਕਿ ਇਹ ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਹਾਸਲ ਕੀਤੀ ਗਈ ਪਹਿਲੀ ਹਵਾਲਗੀ ਹੈ, ਜੋ ਸੰਗਠਿਤ ਅਪਰਾਧ ਵਿਰੁੱਧ ਸਾਡੀ ਲੜਾਈ ’ਚ ਇਕ ਅਹਿਮ ਮੀਲ-ਪੱਥਰ ਸਾਬਤ ਹੋਈ ਹੈ|